ਦਾਜ ਤੇ ਪੈਸਿਆਂ ਲਈ ਪ੍ਰੇਸ਼ਾਨ ਕਰਨ ’ਤੇ ਵਿਦੇਸ਼ ਰਹਿੰਦੇ ਪਤੀ, ਸੱਸ ਤੇ ਸਹੁਰੇ ਖਿਲਾਫ ਮਾਮਲਾ ਦਰਜ
ਦਹੇਜ ਤੇ ਪੈਸਿਆਂ ਲਈ ਪ੍ਰੇਸ਼ਾਨ ਕਰਨ ’ਤੇ ਵਿਦੇਸ਼ ਰਹਿੰਦੇ ਪਤੀ, ਸੱਸ ਤੇ ਸਹੁਰੇ ਖਿਲਾਫ
Publish Date: Mon, 12 Jan 2026 05:25 PM (IST)
Updated Date: Mon, 12 Jan 2026 05:27 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਪੁਲਿਸ ਵੱਲੋਂ ਪਿੰਡ ਮੜੌਲੀ ਕਲਾਂ ਦੀ ਇੱਕ ਵਿਆਹੁਤਾ ਔਰਤ ਵੱਲੋਂ ਆਪਣੇ ਪਤੀ, ਸੱਸ ਅਤੇ ਸਹੁਰੇ ਖਿਲਾਫ ਹੋਰ ਦਹੇਜ ਮੰਗਣ ਅਤੇ ਵਿਦੇਸ਼ ਲਿਜਾਉਣ ਲਈ ਨਗਦ ਪੈਸਿਆਂ ਦੀ ਮੰਗ ਪੂਰੀ ਨਾ ਹੋਣ ਕਰਨ ਦੇ ਕਾਰਨ ਉਕਤ ਔਰਤ ਨੂੰ ਨਾਲ ਵਿਦੇਸ਼ ਨਾ ਲੈਕੇ ਜਾਣ ਸਬੰਧੀ ਦਰਖਾਸਤ ਦੀ ਪੜਤਾਲ ਉਪਰੰਤ ਆਰੋਪੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੁਖਮਪ੍ਰੀਤ ਕੌਰ ਪਤਨੀ ਹਰਮੀਤ ਸਿੰਘ ਪੁੱਤਰੀ ਸ਼ਰਨਪਾਲ ਸਿੰਘ ਕਾਹਲੋਂ ਵਾਸੀ ਪਿੰਡ ਮੜੌਲੀ ਕਲਾਂ ਵੱਲੋਂ 4 ਦਸੰਬਰ,2025 ਨੂੰ ਐੱਸਐੱਸਪੀ ਰੂਪਨਗਰ ਨੂੰ ਹਰਮੀਤ ਸਿੰਘ ਪੁੱਤਰ ਬਲਜੀਤ ਸਿੰਘ ਮਾਨ, ਬਲਜੀਤ ਸਿੰਘ ਮਾਨ ਪੁੱਤਰ ਸਾਧੂ ਸਿੰਘ ਮਾਨ ਅਤੇ ਸਰਬਜੀਤ ਕੌਰ ਪਤਨੀ ਬਲਜੀਤ ਸਿੰਘ ਮਾਨ ਖਿਲਾਫ ਦਰਖਾਸਤ ਦਿੱਤੀ ਸੀ। ਇਸ ਵਿਚ ਸ਼ਿਕਾਇਤਕਤਾ ਨੇ ਦੱਸਿਆ ਕਿ ਉਸ ਦਾ ਵਿਆਹ 24 ਨਵੰਬਰ, 2024 ਨੂੰ ਹਰਮੀਤ ਸਿੰਘ ਪੁੱਤਰ ਬਲਜੀਤ ਸਿੰਘ ਦੇ ਨਾਲ ਹੋਇਆ ਸੀ। ਸੁਖਮਪ੍ਰੀਤ ਕੌਰ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਤੀ, ਸੱਸ ਤੇ ਸਹੁਰਾ ਆਸਟਰੇਲੀਆ ਦੇ ਪੱਕੇ ਵਸਨੀਕ ਹਨ ਅਤੇ ਵਿਆਹ ਤੋਂ ਪਹਿਲਾਂ ਇਨ੍ਹਾਂ ਵੱਲੋਂ, ਉਸ ਨੂੰ ਵਿਆਹ ਉਪਰੰਤ ਸਪਾਊਸ ਵੀਜੇ ਦੇ ਅਧਾਰ ਤੇ ਆਸਟਰੇਲੀਆ ਲਿਜਾਣ ਦਾ ਭਰੋਸਾ ਦਿੱਤਾ ਗਿਆ ਸੀ। ਜਿੱਥੇ ਕਿ ਉਸ ਦਾ ਪਤੀ ਹਰਮੀਤ ਸਿੰਘ 4 ਲੱਖ ਰੁਪਏ ਪ੍ਰਤੀ ਮਹੀਨਾ ਤੇ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪੇਕੇ ਪਰਿਵਾਰ ਵੱਲੋਂ ਉਸ ਦੇ ਸਹੁਰੇ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੋਨੇ ਦੇ ਗਹਿਣੇ ਪਾਏ ਗਏ ਸਨ ਤੇ ਉਸ ਨੂੰ ਵੀ ਇਸਤਰੀ ਧਨ ਵਜੋਂ ਗਹਿਣੇ ਦਿੱਤੇ ਗਏ ਸਨ, ਜਿਹੜੇ ਕਿ ਉਹਦੀ ਸੱਸ ਦੇ ਕਬਜ਼ੇ ਵਿਚ ਹਨ। ਉਸ ਨੇ ਦੱਸਿਆ ਕਿ ਇਸ ਵਿਆਹ ਤੇ ਉਸਦੇ ਪੇਕੇ ਪਰਿਵਾਰ ਵੱਲੋਂ ਲਗਭਗ 80 ਲੱਖ ਰੁਪਇਆ ਖਰਚ ਕੀਤਾ ਗਿਆ ਸੀ। ਸੁਖਮਪ੍ਰੀਤ ਅਨੁਸਾਰ ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਕਿਸੇ ਹੋਰ ਔਰਤ ਨਾਲ ਵੀ ਉਸ ਦੇ ਨਜਾਇਜ਼ ਸਬੰਧ ਹਨ। ਉਸ ਨੇ ਜਦੋਂ ਇਸ ਸਬੰਧੀ ਆਪਣੇ ਪਤੀ ਨੂੰ ਕਿਹਾ ਤਾਂ ਉਸ ਦੇ ਪਤੀ ਵੱਲੋਂ ਉਸ ਨਾਲ ਗਾਲੀ ਗਲੋਚ ਤੇ ਕੁੱਟਮਾਰ ਕੀਤੀ ਗਈ। ਇਸ ਸਬੰਧੀ ਉਸ ਵੱਲੋਂ ਆਪਣੀ ਸੱਸ ਤੇ ਸਹੁਰੇ ਨੂੰ ਵੀ ਦੱਸਿਆ ਗਿਆ ਪ੍ਰੰਤੂ ਉਨ੍ਹਾਂ ਵੱਲੋਂ ਵੀ ਉਸ ’ਤੇ ਝੂਠੇ ਦੋਸ਼ ਲਗਾਉਣੇ ਅਤੇ ਹੋਰ ਦਹੇਜ ਲਿਆਉਣ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਮਾਰਚ 2025 ਨੂੰ ਉਸ ਦਾ ਪਤੀ ਅਤੇ ਸਹੁਰਾ, ਜਦਕਿ ਜੂਨ 2025 ਵਿਚ ਉਸ ਦੀ ਸੱਸ ਵਾਪਸ ਆਸਟਰੇਲੀਆ ਚਲੇ ਗਏ ਅਤੇ ਉਸ ਨੂੰ ਘਰ ਵਿਚ ਇਕੱਲਾ ਛੱਡ ਗਏ। ਉਸ ਨੇ ਦੱਸਿਆ ਕਿ ਜਾਣ ਸਮੇਂ ਉਸ ਦਾ ਪਤੀ, ਸੱਸ ਤੇ ਸਹੁਰਾ ਜਲਦੀ ਹੀ ਸਪਾਊਸ ਵੀਜ਼ਾ ਭੇਜ ਕੇ ਪੱਕੇ ਤੌਰ ’ਤੇ ਆਸਟਰੇਲੀਆ ਲੈ ਕੇ ਜਾਣ ਦਾ ਭਰੋਸਾ ਦੇ ਕੇ ਗਏ ਸਨ ਪ੍ਰੰਤੂ ਬਾਅਦ ਵਿਚ ਉਨ੍ਹਾਂ ਟਾਲਮਟੋਲ ਕਰਨੀ ਸ਼ੁਰੂ ਕਰ ਦਿੱਤੀ। ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਸੁਖਮਪ੍ਰੀਤ ਕੌਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਉਪ ਕਪਤਾਨ ਪੁਲਿਸ, ਕ੍ਰਾਈਮ ਅਗੇਂਸਟ ਵੂਮੈੱਨ ਐਂਡ ਚਾਇਲਡ, ਰੂਪਨਗਰ ਵੱਲੋਂ ਕੀਤੀ ਗਈ। ਇਸ ਪੜਤਾਲ ਤੋਂ ਉਪਰੰਤ ਸੁਖਮਪ੍ਰੀਤ ਕੌਰ ਦੇ ਪਤੀ, ਸੱਸ ਤੇ ਸਹੁਰੇ ਖਿਲਾਫ ਦਹੇਜ ਅਤੇ ਵਿਦੇਸ਼ਾ ਲੈ ਕੇ ਜਾਣ ਲਈ ਪੈਸੇ ਮੰਗਣ ਲਈ ਉਨ੍ਹਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।