ਤਿੰਨ ਨਸ਼ੇੜੀ ਕਾਬੂ ਤੇ 105 ਦੇ ਕੀਤੇ ਚਾਲਾਨ
ਜ਼ਿਲ੍ਹਾ ਪੁਲਿਸ ਵੱਲੋਂ ਤਿੰਨ ਨਸ਼ੇੜੀ ਕੀਤੇ ਗ੍ਰਿਫ਼ਤਾਰ , ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਕੀਤੇ 105ਚਲਾਣ
Publish Date: Thu, 08 Jan 2026 03:46 PM (IST)
Updated Date: Thu, 08 Jan 2026 03:48 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ਤੇ ਨਾਕੇ ਵੀ ਲਗਾਏ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 105 ਡਰਾਈਵਰਾਂ ਦੇ ਚਲਾਨ ਕੀਤੇ। ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਸਿਟੀ ਪੁਲਿਸ ਪਾਰਟੀ ਵੱਲੋਂ ਕਰਨਵੀਰ ਸਿੰਘ ਪੁੱਤਰ ਰਾਜੇਸ਼ ਕੁਮਾਰ ਵਾਸੀ ਛੋਟੀ ਹਵੇਲੀ ਰੂਪਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਨੂਰਪੁਰਬੇਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ ਤੇ ਕੀਰਤਪੁਰ ਸਾਹਿਬ ਥਾਣੇ ਦੀ ਪੁਲਿਸ ਪਾਰਟੀ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੇ ਕੁਮਾਰ ਉਰਫ਼ ਵਿੱਕੀ ਪੁੱਤਰ ਸਤਪਾਲ ਵਾਸੀ ਪਿੰਡ ਪਚਰੰਡਾ ਅਤੇ ਕਰਤਾਰਾ ਪੁੱਤਰ ਰਾਮਜੀ ਦਾਸ ਵਾਸੀ ਪਿੰਡ ਕਲਿਆਣਪੁਰ ਆਦਿ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੁਲਿਸ ਨੇ ਜ਼ਿਲ੍ਹੇ ਭਰ ਵਿਚ 105 ਡਰਾਈਵਰਾਂ ਨੂੰ ਬਿਨਾਂ ਨੰਬਰ ਪਲੇਟਾਂ ਦੇ ਵਾਹਨ ਚਲਾਉਣ, ਸ਼ਰਾਬ ਪੀ ਕੇ ਗੱਡੀ ਚਲਾਉਣ, ਤਿੰਨ ਸਵਾਰੀਆਂ ਚਲਾਉਣ, ਤੇਜ਼ ਰਫ਼ਤਾਰ, ਸੋਧੇ ਹੋਏ ਸਾਈਲੈਂਸਰ, ਗਲਤ ਪਾਰਕਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਚਲਾਨ ਕੀਤੇ ਹਨ।