ਖਾਲੀ ਪਲਾਟ ਵਿਚ ਰੱਖੇ ਕਬਾੜ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਖਾਲੀ ਪਲਾਟ ਵਿਚ ਰੱਖੇ ਕਬਾੜ ਨੂੰ ਲੱਗੀ ਅੱਗ, ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ, ਜਾਨੀ ਨੁਕਸਾਨ ਤੋਂ ਬਚਾਅ
Publish Date: Thu, 08 Jan 2026 03:03 PM (IST)
Updated Date: Thu, 08 Jan 2026 03:06 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਰਗਣ ਮੋਰਿੰਡਾ : ਮੋਰਿੰਡਾ–ਸਮਰਾਲਾ ਰੋਡ ‘ਤੇ ਸਥਿਤ ਇੱਕ ਕਬਾੜੀਏ ਦੇ ਖਾਲੀ ਪਲਾਟ ਵਿੱਚ ਰੱਖੇ ਕਬਾੜ ਨੂੰ ਕਿਸੇ ਕਾਰਨ ਅੱਗ ਲੱਗ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰਿਆਂ ਨੂੰ ਦੇਖ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਏਨੀ ਭਿਆਨਕ ਸੀ ਕਿ ਆਸ-ਪਾਸ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਘਰਾਂ ਦੇ ਲੋਕਾਂ ਵਿਚ ਵੀ ਘਬਰਾਹਟ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਬਾੜ ਵਿਚ ਪਏ ਪਲਾਸਟਿਕ, ਲੱਕੜ ਅਤੇ ਹੋਰ ਜਲਣਸ਼ੀਲ ਸਮਾਨ ਕਾਰਨ ਅੱਗ ਤੇਜ਼ੀ ਨਾਲ ਫੈਲਣ ਲੱਗ ਪਈ। ਸ਼ੁਰੂ ਵਿਚ ਕਬਾੜੀਏ ਦੇ ਮਜ਼ਦੂਰਾਂ ਵੱਲੋਂ ਬਾਲਟੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਦੀਆਂ ਲਾਟਾਂ ਵਧਦੀਆਂ ਗਈਆਂ। ਚਾਰੇ ਪਾਸੇ ਧੂੰਆ ਹੀ ਧੂੰਆ ਹੋਣ ਕਾਰਨ ਦਮ ਘੁੱਟਣ ਵਰਗੇ ਹਾਲਾਤ ਬਣ ਗਏ ਅਤੇ ਕਈ ਦੁਕਾਨਦਾਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਆਪਣੀਆਂ ਦੁਕਾਨਾਂ ਬੰਦ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਕਰਮੀਆਂ ਨੇ ਪੂਰੀ ਮੁਸ਼ੱਕਤ ਅਤੇ ਸਾਵਧਾਨੀ ਨਾਲ ਲਗਭਗ ਦੋ ਘੰਟਿਆਂ ਦੀ ਕਾਰਵਾਈ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਇਸ ਦੌਰਾਨ ਡਰਾਈਵਰ ਕੁਲਦੀਪ ਸਿੰਘ ਅਤੇ ਫਾਇਰ ਮੈਨ ਵਰਿੰਦਰ ਸਿੰਘ, ਲਖਵਿੰਦਰ ਸਿੰਘ, ਸਿਮਰਨਜੀਤ ਸਿੰਘ ਆਦਿ ਨੇ ਅੱਗ ਬਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ।