ਡਾ.ਈਸ਼ਾਨ ਨੇ ਸੰਪੂਰਨ ਵਿਕਾਸ ਕੇਂਦਰ ਦਾ ਨੀਂਹ ਪੱਥਰ ਰੱਖਿਆ
ਡਾ.ਈਸ਼ਾਨ ਅਵਧੂਤ ਸ਼ਿਵਾਨੰਦ ਯੋਗਿਕ ਵਿਗਿਆਨ ਤੇ ਸੰਪੂਰਨ ਵਿਕਾਸ ਕੇਂਦਰ ਦਾ ਨੀ
Publish Date: Tue, 06 Jan 2026 03:17 PM (IST)
Updated Date: Tue, 06 Jan 2026 03:20 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਆਈਟੀ ਰੋਪੜ ਵਿਖੇ ਡਾ.ਈਸ਼ਾਨ ਅਵਧੂਤ ਸ਼ਿਵਾਨੰਦ ਯੌਗਿਕ ਵਿਗਿਆਨ ਤੇ ਸੰਪੂਰਨ ਵਿਕਾਸ ਕੇਂਦਰ ਦਾ ਨੀਂਹ ਪੱਥਰ ਰੱਖਣ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਮਾਨਸਿਕ ਸਿਹਤ ਖੋਜਕਰਤਾ, ਯੋਗਾ ਆਫ ਇਮੌਰਟਲਜ਼ ਦੇ ਸੰਸਥਾਪਕ ਤੇ ਸਮੁੱਚੀ ਭਲਾਈ ਉੱਤਮਤਾ ਕੇਂਦਰ ਦੇ ਸਹਾਇਕ ਫੈਕਲਟੀ ਮੈਂਬਰ ਡਾ.ਈਸ਼ਾਨ ਸ਼ਿਵਾਨੰਦ, ਬਾਇਓਮੈਡੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ.ਅਥਰਵ ਪੌਂਡਾਰਿਕ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ.ਬਿੰਦੂਕੁਮਾਰ ਕੰਸੁਪਾਡਾ, ਸਹਾਇਕ ਫੈਕਲਟੀ ਮੈਂਬਰ, ਬਾਇਓਮੈਡੀਕਲ ਇੰਜੀਨੀਅਰਿੰਗ ਵਿਭਾਗ ਨੇ ਸ਼ਿਰਕਤ ਕੀਤੀ। ਇਸ ਸਮਾਗਮ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ.ਰਾਜੀਵ ਅਹੁਜਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰੋ.ਰਾਜੀਵ ਅਹੂਜਾ ਨੇ ਦੱਸਿਆ ਕਿ ਇਹ ਨਵਾਂ ਕੇਂਦਰ ਪ੍ਰੀਮੀਅਰ ਵਿਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਭਲਾਈ ਪ੍ਰਤੀ ਨਜ਼ਰੀਏ ’ਚ ਇੱਕ ਆਦਰਸ਼ ਤਬਦੀਲੀ ਦੀ ਨੁਮਾਇੰਦਗੀ ਕਰਦਾ ਹੈ ਜੋ ਪ੍ਰਾਚੀਨ ਭਾਰਤੀ ਗਿਆਨ ਨੂੰ ਮਾਨਸਿਕ ਅਤੇ ਸਰੀਰਕ ਸਿਹਤ ਦੇ ਆਧੁਨਿਕ ਵਿਗਿਆਨਕ ਨਜ਼ਰੀਏ ਨਾਲ ਏਕੀਕ੍ਰਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਡਾ.ਈਸ਼ਾਨ ਅਵਧੂਤ ਸ਼ਿਵਾਨੰਦ ਯੌਗਿਕ ਵਿਗਿਆਨ ਤੇ ਸਮੁੱਚੇ ਵਿਕਾਸ ਕੇਂਦਰ ਵਿਚ ਇੱਕ ਬਹੁ-ਉਦੇਸ਼ੀ ਹਾਲ ਹੋਵੇਗਾ। ਇਹ ਹਾਲ ਯੋਗਾ, ਧਿਆਨ, ਜਿਮਨਾਸਟਿਕ, ਏਰੋਬਿਕਸ ਅਤੇ ਮਾਈਂਡਫੁੱਲਨੈੱਸ ਅਭਿਆਸਾਂ ਸਮੇਤ ਵੱਖ ਵੱਖ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਿਰਫ਼ ਇੱਕ ਇਮਾਰਤ ਨਹੀਂ ਹੈ ਸਗੋਂ ਵਿਦਿਆਰਥੀਆਂ ਤੇ ਫੈਕਲਟੀ ਦੇ ਵਿਆਪਕ ਵਿਕਾਸ ਪ੍ਰਤੀ ਇੱਕ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਉੱਚ-ਦਬਾਅ ਵਾਲੇ ਵਿਦਿਅਕ ਵਾਤਾਵਰਣ ’ਚ ਮਾਨਸਿਕ ਸਿਹਤ ਅਤੇ ਸਰੀਰਕ ਤੰਦਰੁਸਤੀ ਮੁੱਖ ਲੋੜਾਂ ਹਨ। ਉਨ੍ਹਾਂ ਦੱਸਿਆ ਕਿ ਡਾ.ਈਸ਼ਾਨ ਸ਼ਿਵਾਨੰਦ ਦੇ ਖੋਜ-ਸਮਰਥਿਤ ਯੋਗਾ ਆਫ਼ ਇਮੌਰਟਲਜ਼ ਪ੍ਰੋਟੋਕੋਲ ਨੂੰ ਫਾਰਚੂਨ 100 ਕੰਪਨੀਆਂ, ਸਿਹਤ ਸੇਵਾ ਪ੍ਰਣਾਲੀਆਂ ਅਤੇ ਦੁਨੀਆ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੁਆਰਾ ਅਪਣਾਇਆ ਗਿਆ ਹੈ, ਚਿੰਤਾ, ਡਿਪਰੈਸ਼ਨ, ਤਣਾਅ ਅਤੇ ਬਰਨਆਉਟ ਨੂੰ ਘੱਟ ਕਰਨ ਲਈ ਵਿਗਿਆਨਕ ਤੌਰ ’ਤੇ ਮਾਨਤਾ ਪ੍ਰਾਪਤ, ਗੈਰ-ਫਾਰਮਾਸਿਊਟੀਕਲ ਹੱਲ੍ਹ ਲਿਆਉਂਦੇ ਹਨ। ਇਸ ਮੌਕੇ ਡਾ.ਈਸ਼ਾਨ ਸ਼ਿਵਾਨੰਦ ਨੇ ਕਿਹਾ ਕਿ ਸਿੱਖਿਆ ਨੂੰ ਸਿਰਫ਼ ਬੁੱਧੀ ਨੂੰ ਹੀ ਨਹੀਂ, ਸਗੋਂ ਸੰਪੂਰਨ ਮਨੁੱਖ ਨੂੰ ਪਾਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਈਆਈਟੀ ਰੋਪੜ ਵਰਗੀਆਂ ਪ੍ਰਮੁੱਖ ਸੰਸਥਾਵਾਂ ਵਿਚ ਵਿਦਿਆਰਥੀਆਂ ’ਤੇ ਪੈਂਦੇ ਦਬਾਅ ਨੂੰ ਰਵਾਇਤੀ ਹੱਲ੍ਹਾਂ ਤੋਂ ਵੱਧ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੋਗਿਕ ਅਭਿਆਸਾਂ ਰਾਹੀਂ ਨੌਜਵਾਨ ਦਿਮਾਗਾਂ ਨੂੰ ਜੀਵਨ ਭਰ ਦੀ ਭਲਾਈ, ਭਾਵਨਾਤਮਕ ਲਚਕੀਲਾਪਣ ਅਤੇ ਉੱਤਮ ਪ੍ਰਦਰਸ਼ਨ ਲਈ ਸਾਧਨਾਂ ਨਾਲ ਲੈਸ ਕਰ ਸਕਦੇ ਹਾਂ। ਇਹ ਕੇਂਦਰ ਭਾਰਤ ਅਤੇ ਬਾਹਰ ਦੀਆਂ ਵਿੱਦਿਅਕ ਸੰਸਥਾਵਾਂ ਲਈ ਇੱਕ ਨਮੂਨਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਸਹਾਇਤਾ ਵਿਚ ਕ੍ਰਾਂਤੀ ਲਿਆਉਣ ਲਈ ਮੁੱਖ ਪਹਿਲਕਦਮੀਆਂ ਜਿਵੇਂ ਰੋਜ਼ਾਨਾ ਧਿਆਨ ਤੇ ਯੋਗਾ ਸੈਸ਼ਨ, ਵਿਦਿਅਕ ਦਬਾਅ ਲਈ ਤਿਆਰ ਕੀਤੇ ਤਣਾਅ ਪ੍ਰਬੰਧਨ ਵਰਕਸ਼ਾਪ, ਸਹਾਇਤਾ ਪ੍ਰੋਗਰਾਮ ਤੇ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮਾਂ, ਫੈਕਲਟੀ ਭਲਾਈ ਪ੍ਰੋਗਰਾਮ, ਸਲਾਹ-ਮਸ਼ਵਰਾ ਸੇਵਾਵਾਂ ਨਾਲ ਏਕੀਕਰਨ, ਖੋਜ ਸਹਿਯੋਗ ਤੇ ਭਾਈਚਾਰਕ ਭਲਾਈ ਸਮਾਗਮ ਆਦਿ ਦੀ ਲੋੜ ਹੈ। ਇਸ ਮੌਕੇ ਡਾ. ਈਸ਼ਾਨ ਸ਼ਿਵਾਨੰਦ ਆਈਆਈਟੀ ਰੋਪੜ ਦੇ ਪ੍ਰਬੰਧਕਾਂ ਤੇ ਡਾ.ਈਸ਼ਾਨ ਸ਼ਿਵਾਨੰਦ ਵੱਲੋਂ ਸਾਂਝੇ ਤੌਰ ’ਤੇ ਡਾ.ਈਸ਼ਾਨ ਸ਼ਿਵਾਨੰਦ ਪ੍ਰਤਿਭਾਸ਼ਾਲੀ ਨੌਜਵਾਨ ਸਕਾਲਰਸ਼ਿਪ ਦਾ ਉਦਘਾਟਨ ਕੀਤਾ ਗਿਆ। ਇਸ ਦੇ ਤਹਿਤ 5 ਅੰਡਰਗਰੈਜੁਏਟ ਅਤੇ 5 ਪੋਸਟ ਗਰੈਜੁਏਟ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ।