ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰ ਸਟੇਡੀਅਮ ਦੇ ਕੰਮ ਮੁਕੰਮਲ ਕਰਵਾਉਣ : ਚੱਢਾ
ਜ਼ਿਲ੍ਹਾ ਪ੍ਰਸ਼ੀਦ ਤੇ ਸੰਮਤੀ ਮੈਂਬਰ ਸਟੇਡੀਅਮਾਂ ਦੇ ਕੰਮ ਅੱਗੇ ਹੋ ਕੇ ਮੁਕੰਮਲ ਕਰਵਾਉਣ: ਚੱਢਾ
Publish Date: Tue, 06 Jan 2026 03:11 PM (IST)
Updated Date: Tue, 06 Jan 2026 03:14 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਰਗਣ, ਰੂਪਨਗਰ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਉਹ ਨੌਜਵਾਨਾਂ ਨੂੰ ਖੇਡਾਂ ਦੀ ਰਾਹੀਂ ਤੰਦਰੁਸਤੀ ਅਤੇ ਅਨੁਸ਼ਾਸਨ ਵੱਲ ਪ੍ਰੇਰਿਤ ਕਰਨ ਲਈ ਸਰਗਰਮ ਹਨ। ਇਸੇ ਕੜੀ ਤਹਿਤ ਬੀਤੇ ਸਮੇਂ ਦੌਰਾਨ “ਤੰਦਰੁਸਤੀ ਦਾ ਸੁਨੇਹਾ” ਪ੍ਰੋਗਰਾਮ ਅਧੀਨ ਪਿੰਡਾਂ ਵਿਚ ਸੈਮੀਨਾਰ ਆਯੋਜਿਤ ਕਰਵਾਏ ਗਏ ਅਤੇ ਵੱਡੀਆਂ ਖੇਡ ਸ਼ਖਸੀਅਤਾਂ ਨਾਲ ਮੁਲਾਕਾਤਾਂ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਨ੍ਹਾਂ ਸਫਲ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹਲਕਾ ਰੂਪਨਗਰ ਅੰਦਰ ਵੱਖ-ਵੱਖ ਪਿੰਡਾਂ ਵਿਚ 30 ਵੱਡੇ ਖੇਡ ਸਟੇਡੀਅਮ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤੇ ਜਾ ਰਹੇ ਹਨ। ਇਸ ਸਬੰਧੀ ਵਿਧਾਇਕ ਦਿਨੇਸ਼ ਚੱਢਾ ਵੱਲੋਂ ਨਵੇਂ ਚੁਣੇ ਗਏ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਦੇ ਨਾਲ ਨਾਲ ਖੇਡ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਧਾਇਕ ਚੱਢਾ ਨੇ ਖੇਡ ਸਟੇਡੀਅਮਾਂ ਦੇ ਚੱਲ ਰਹੇ ਕੰਮਾਂ ਸਬੰਧੀ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਵਿਸਥਾਰਪੂਰਵਕ ਰਿਪੋਰਟ ਪ੍ਰਾਪਤ ਕੀਤੀ। ਉਨ੍ਹਾਂ ਨੇ ਕੰਮਾਂ ਦੀ ਗੁਣਵੱਤਾ, ਤੈਅ ਸਮਾਂ-ਸੀਮਾ ਅਤੇ ਸਹੂਲਤਾਂ ਸਬੰਧੀ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ 30 ਖੇਡ ਸਟੇਡੀਅਮਾਂ ਦੇ ਕੰਮ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਦੇ ਨਾਲ-ਨਾਲ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨ ਨੌਜਵਾਨਾਂ ਦੇ ਚਰਿਤਰ ਨਿਰਮਾਣ, ਟੀਮ ਵਰਕ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਸਰਕਾਰ ਦਾ ਉਦੇਸ਼ ਹੈ ਕਿ ਹਲਕੇ ਦੇ ਹਰ ਪਿੰਡ ਤੱਕ ਆਧੁਨਿਕ ਖੇਡ ਸਹੂਲਤਾਂ ਪਹੁੰਚਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਹਲਕੇ ਦੇ ਅਨੇਕਾਂ ਪਿੰਡਾਂ ਵਿਚ ਛੋਟੇ ਅਤੇ ਵੱਡੇ ਖੇਡ ਮੈਦਾਨਾਂ ਦੇ ਨਾਲ-ਨਾਲ ਵਾਲੀਬਾਲ ਅਤੇ ਬੈਡਮਿੰਟਨ ਕੋਰਟਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ। ਅੰਤ ਵਿਚ ਵਿਧਾਇਕ ਚੱਢਾ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਪਿੰਡਾਂ ਵਿਚ ਜਾ ਕੇ ਖੇਡ ਸਟੇਡੀਅਮਾਂ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਅਤੇ ਨਿੱਜੀ ਤੌਰ ’ਤੇ ਰੁਚੀ ਲੈ ਕੇ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ-ਸਿਰ ਪੂਰਾ ਕਰਵਾਉਣ ਲਈ ਤਨਦੇਹੀ ਨਾਲ ਕੰਮ ਕਰਨ। ਇਸ ਮੌਕੇ ਤੇ ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ, ਡੀਡੀਪੀਓ ਪੰਚਾਇਤੀ ਰਾਜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ਼ਰਾਜ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸੰਮਤੀ ਮੈਂਬਰ ਤਿਲਕ ਰਾਜ ਪੰਮਾ, ਸੰਮਤੀ ਮੈਂਬਰ ਲਲਿਤ ਸੈਣੀ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਜ਼ਿਲਾ ਪ੍ਰੀਸ਼ਦ ਮੈਂਬਰ ਸਤਿੰਦਰ ਕੌਰ, ਸਤਨਾਮ ਸਿੰਘ ਨਾਗਰਾ ਸੰਮਤੀ ਮੈਂਬਰ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਅਤੇ ਵੱਖ-ਵੱਖ ਵਿਭਾਗਾਂ ਦੇ ਅਫਸਰ ਹਾਜ਼ਰ ਸਨ।