ਮੋਟਰਸਾਈਕਲ ਚੋਰੀ ਕਰਕੇ ਦੋ ਕਾਬੂ, 1 ਫਰਾਰ
ਮੋਟਰਸਾਈਕਲ ਚੋਰੀ ਕਰਕੇ ਜਾਂਦੇ ਦੋ ਕਾਬੂ, 1 ਫਰਾਰ
Publish Date: Fri, 02 Jan 2026 03:16 PM (IST)
Updated Date: Fri, 02 Jan 2026 03:17 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੀ ਪਾਰਕਿੰਗ ’ਚੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ’ਚੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਤੀਜੇ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਪਿੰਡ ਡਾਬਾ ਲੁਹਾਰਾ (ਲੁਧਿਆਣਾ) ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਜੈਦੀਪ ਸਿੰਘ ਨਾਲ ਆਪਣੇ ਸਪਲੈਂਡਰ ਮੋਟਰਸਾਈਕਲ (ਪੀਬੀ-10 ਈਆਰ-3360) ’ਤੇ ਸ਼ਹੀਦੀ ਜੋੜਮੇਲ ਮੌਕੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਤੇ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਖੜਾ ਕੀਤਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਮੱਥਾ ਟੇਕਣ ਉਪਰੰਤ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤਾਂ ਉਸ ਦੇ ਮੋਟਰਸਾਈਕਲ ਨੂੰ 3 ਨਾਮਲੂਮ ਨੌਜਵਾਨ ਲੈ ਕੇ ਜਾ ਰਹੇ ਸਨ। ਉਸ ਨੇ ਦੱਸਆ ਕਿ ਉਨ੍ਹਾਂ ਨੇ ਭੱਜ ਕੇ ਨੌਜਵਾਨਾਂ ਕੋਲ ਗਏ ਤਾਂ ਉਕਤ ਨੌਜਵਾਨਾਂ ਵੱਲੋਂ ਉਸ ਦੇ ਮੋਟਰਸਾਈਕਲ ਦੀ ਤੋੜਭੰਨ ਕਰ ਦਿੱਤੀ ਗਈ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਹੇ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਰ ਮਚਾਉਣ ’ਤੇ ਸੰਗਤ ਦੇ ਸਹਿਯੋਗ ਨਾਲ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ, ਜਦਕਿ ਇੱਕ ਫਰਾਰ ਹੋਣ ਵਿਚ ਸਫਲ ਹੋ ਗਿਆ। ਇਨ੍ਹਾਂ ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਪਿੰਡ ਹੈਡੋ ਅਤੇ ਸ਼ਮਨਪ੍ਰੀਤ ਸਿੰਘ ਪਿੰਡ ਕੋਟਲਾ ਬੇਟ ਵਜੋਂ ਹੋਈ ਜਦਕਿ ਫਰਾਰ ਹੋਏ ਨੌਜਵਾਨ ਦਾ ਨਾਮ ਪਵਨਪ੍ਰੀਤ ਸਿੰਘ ਦੱਸਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ 2 ਮੁਲਜ਼ਮਾਂ ਸਮੇਤ ਫਰਾਰ ਹੋਏ ਨੌਜਵਾਨ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹੋਏ ਮੁਲਜ਼ਮ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।