ਚੰਨੀ ਨੇ ਪੱਤਰਕਾਰਾਂ ’ਤੇ ਦਰਜ ਕੀਤੇ ਪਰਚਿਆਂ ਦੀ ਕੀਤੀ ਅਲੋਚਨਾ
ਚੰਨੀ ਨੇ ਪੱਤਰਕਾਰਾਂ ’ਤੇ ਦਰਜ ਕੀਤੇ ਪਰਚਿਆਂ ਨੂੰ ਲੈ ਕੇ ਸਰਕਾਰ ਦੀ ਕੀਤੀ ਅਲੋਚਨਾ
Publish Date: Thu, 01 Jan 2026 04:09 PM (IST)
Updated Date: Thu, 01 Jan 2026 04:11 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਸਾਬਕਾ ਮੁੱਖ ਮੰਤਰੀ ਪੰਜਾਬ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ’ਤੇ ਦਰਜ ਕੀਤੇ ਗਏ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਇਨ੍ਹਾਂ ਮਾਮਲਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੱਤਰਕਾਰਾਂ ’ਤੇ ਕੀਤੇ ਗਏ ਇਹ ਮਾਮਲੇ ਰੱਦ ਨਾ ਕੀਤੇ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕਰੇਗੀ। ਉਨ੍ਹਾਂ ਨੇ ਇਹ ਵਿਚਾਰ ਆਪਣੀ ਰਿਹਾਇਸ਼ ਵਿਖੇ ਨਵੇਂ ਸਾਲ ’ਤੇ ਕੀਤੇ ਗਏ ਇੱਕ ਧਾਰਮਿਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਇਨਕਲਾਬ ਦੀਆਂ ਗੱਲਾਂ ਕਰਦੀ ਸੀ ਤੇ ਖੁਦ ਨੂੰ ਲੋਕਤੰਤਰਿਕ ਪ੍ਰਕਿਰਿਆਵਾਂ ਦੀ ਪਹਿਰੇਦਾਰ ਦੱਸਦੀ ਸੀ, ਅੱਜ ਇਸ ਪਾਰਟੀ ਦੀ ਸਰਕਾਰ ਧੱਕੇ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 4 ਸਾਲਾਂ ਤੋਂ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ ਤੇ ਪੱਤਰਕਾਰਾਂ ’ਤੇ ਪਰਚੇ ਦਰਜ ਕਰਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਪੰਜਾਬ ਸਰਕਾਰ ਲੋਕਾਂ ਦੇ ਹੱਕਾਂ ਲਈ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ 9 ਪੱਤਰਕਾਰਾਂ ’ਤੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਪੱਤਰਕਾਰਾਂ ਦੇ ਨਾਲ ਖੜੀ ਹੈ ਤੇ ਹਰ ਤਰ੍ਹਾਂ ਦੇ ਸੰਘਰਸ਼ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਪੱਤਰਕਾਰ ਅਕਾਲੀ ਦਲ ਜਾਂ ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਮੁੱਦਿੱਆਂ ਨੂੰ ਚੁੱਕਦੇ ਰਹੇ ਹਨ ਪ੍ਰੰਤੂ ਕਦੇ ਕਿਸੇ ਨੇ ਇਨ੍ਹਾਂ ਨੂੰ ਡਰਾਇਆ ਜਾਂ ਦਬਕਾਇਆ ਨਹੀਂ, ਜਦਕਿ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪਰਚੇ ਤੁਰੰਤ ਵਾਪਸ ਨਾ ਲਏ ਤਾਂ ਕਾਂਗਰਸ ਪਾਰਟੀ ਸੰਘਰਸ਼ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਸਾਬਕਾ ਨਗਰ ਕੌਂਸਲ ਪ੍ਰਧਾਨ ਹਰੀਪਾਲ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਤੇ ਹਰਜੀਤ ਸਿੰਘ ਸੋਢੀ, ਸੰਦੀਪ ਸੋਨੂ, ਰਾਹੁਲ ਸ਼ਰਮਾ, ਹਰਪਾਲ ਸਿੰਘ ਬਮਨਾੜ੍ਹਾ ਅਤੇ ਹੋਰ ਇਲਾਕਾ ਵਾਸੀ ਵੀ ਹਾਜ਼ਰ ਸਨ।