ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ’ਚ ਤਬਦੀਲੀ ਕਰਕੇ ਗਰੀਬਾਂ ਦਾ ਹੱਕ ਖੋਹਿਆ : ਚੰਨੀ
ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ’ਚ ਤਬਦੀਲੀ ਕਰਕੇ ਗਰੀਬਾਂ ਦਾ ਹੱਕ ਖੋਹਿਆ
Publish Date: Thu, 01 Jan 2026 03:03 PM (IST)
Updated Date: Thu, 01 Jan 2026 03:05 PM (IST)

ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਸੀਨੀਅਰ ਕਾਂਗਰਸੀ ਆਗੂ ਰਣਜੋਤ ਸਿੰਘ ਖੱਟੜਾ ਦੇ ਮੋਰਿੰਡਾ ਸਥਿਤ ਦਫਤਰ ਵਿਖੇ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਨਰੇਗਾ ਯੋਜਨਾ ਦੇ ਢਾਂਚੇ ਵਿਚ ਬਦਲਾਅ ਕਰਕੇ ਬੀਜੇਪੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਆਰਐੱਸਐੱਸ ਦੀ ਸੋਚ ’ਤੇ ਪਹਿਰਾ ਦੇਣ ਅਤੇ ਮਜ਼ਦੂਰ-ਗਰੀਬ ਮਾਰੂ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਇੱਕ ਤਰ੍ਹਾਂ ਨਾਲ ਰੁਜ਼ਗਾਰ ਤੋਂ ਸੱਖਣੇ ਪੇਂਡੂ ਖੇਤਰ ਦੇ ਬੇਰੁਜ਼ਗਾਰਾਂ, ਗਰੀਬਾਂ, ਮਜ਼ਦੂਰਾਂ ਦੀ ਇੱਕ ਜੀਵਨ ਰੇਖਾ ਸੀ। ਇਸ ਸਕੀਮ ਨਾਲ ਹਰ ਪਿੰਡ ਦੇ 20 ਤੋਂ 50 ਪਰਿਵਾਰਾਂ ਨੂੰ ਜਾਂ ਇਸ ਤੋਂ ਵੀ ਵੱਧ ਪਰਿਵਾਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਸਨ ਪ੍ਰੰਤੂ ਬੀਜੇਪੀ ਦੀ ਕੇਂਦਰ ਦੀ ਸਰਕਾਰ ਦੀ ਸੌੜੀ ਸੋਚ ਪਹਿਲਾਂ ਤੋਂ ਹੀ ਗਰੀਬ ਵਰਗ ਦੀ ਢਹਿੰਦੀ ਕਲਾ ਲਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਦੇ ਇਸ ਬਦਲਾਅ ਨਾਲ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਦੇ ਕਰੋੜਾਂ ਵੱਖ-ਵੱਖ ਵਰਗਾਂ ਦੇ ਗਰੀਬ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਮਨਰੇਗਾ ਵਿਚ ਬਦਲਾਅ ਕਰਕੇ ਪੰਚਾਇਤਾਂ ਦੇ ਹੱਕਾਂ ’ਤੇ ਵੀ ਡਾਕਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੇਕਰ ਕੇਂਦਰ ਵੱਲੋਂ ਮਨਰੇਗਾ ਸਕੀਮ ਅਧੀਨ ਕੇਂਦਰ ਦੇ ਪੈਸੇ ਨਾਲ 100 ਦਿਨ ਦਾ ਰੁਜ਼ਗਾਰ ਦਿੱਤਾ ਜਾਂਦਾ ਸੀ, ਉੱਥੇ ਹੁਣ ਇਸ ਰੁਜ਼ਗਾਰ ਦੇ ਦਿਨਾਂ ਦੀ ਕੋਈ ਗਰੰਟੀ ਹੀ ਨਹੀਂ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਨੇ ਆਪਣੀ ਹਿੱਸੇਦਾਰੀ 60 ਪੈਸੇ ਕਰਕੇ ਰਾਜਾਂ ਦੀ ਹਿੱਸੇਦਾਰੀ 40 ਫੀਸਦੀ ਕਰ ਦਿੱਤੀ ਹੈ, ਜਦਕਿ ਸੂਬਿਆਂ ਦੀ ਆਰਥਿਕ ਹਾਲਤ ਪਹਿਲਾਂ ਤੋਂ ਹੀ ਤਰਸਯੋਗ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਕੇਂਦਰ ਨੇ ਮਜ਼ਦੂਰਾਂ ਦੀ ਪਹੁੰਚ ਨੂੰ ਸੈਂਟਰਲਾਈਜ਼ ਕੀਤਾ ਹੈ। ਇਸ ਹੁਣ ਜਿੱਥੇ ਮਜ਼ਦੂਰਾਂ ਦੀ ਪਹੁੰਚ ਖਤਮ ਹੋ ਜਾਵੇਗੀ, ਉੱਥੇ ਹੀ ਮਨਰੇਗਾ ਸਬੰਧੀ ਪੰਚਾਇਤਾਂ ਦੇ ਹੱਕ ਵੀ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਨੂੰ ਫੌਰੀ ਤੌਰ ’ਤੇ ਰੱਦ ਕਰਕੇ ਮਨਰੇਗਾ ਹੀ ਚਲਾਈ ਜਾਵੇ ਨਹੀਂ ਤਾਂ ਮਨਰੇਗਾ ਲਾਗੂ ਕਰਵਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਅਮਰਗੜ੍ਹ ਸੁਮਿਤ ਸਿੰਘ, ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਕਾਂਗਰਸੀ ਆਗੂ ਰਾਹੁਲ ਸ਼ਰਮਾ, ਨੰਬਰਦਾਰ ਹਰਪਿੰਦਰ ਸਿੰਘ ਭਿੱਜਰਾ, ਅਮਰਜੀਤ ਸਿੰਘ ਬੱਬਲ ਢੀਂਡਸਾ, ਦਵਿੰਦਰ ਸਿੰਘ ਮੰਡੇਰ, ਹਰਜੀਤ ਸਿੰਘ ਗੋਲਾ, ਕੌਂਸਲਰ ਰਿੰਪੀ ਕੁਮਾਰ, ਰਾਜਪ੍ਰੀਤ ਸਿੰਘ ਰਾਜੀ ਤੇ ਹਰਜੀਤ ਸਿੰਘ ਸੋਢੀ ਆਦਿ ਹਾਜ਼ਰ ਸਨ।