ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਕੇ ਦੋ ਵਿਅਕਤੀ ਕੀਤੇ ਜ਼ਖ਼ਮੀ
ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਕੇ ਦੋ ਵਿਅਕਤੀਆਂ ਨੂੰ ਕੀਤਾ ਗੰਭੀਰ ਜ਼ਖਮੀ
Publish Date: Sat, 28 Mar 2026 03:48 PM (IST)
Updated Date: Sat, 28 Mar 2026 03:50 PM (IST)

ਅਸ਼ੋਕ ਕੁਮਾਰ ਚੇਤਲ , ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਰੂਪਨਗਰ-ਬੇਲਾ ਸੜਕ ’ਤੇ ਪੈਂਦੇ ਪਿੰਡ ਝੱਲੀਆਂ ਖੁਰਦ ਵਿਖੇ ਅਣਪਛਾਤੇ ਕਾਰ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਉਪਰੰਤ ਅਣਪਛਾਤਾ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਉਰਫ ਕਮਲ ਪੁੱਤਰ ਗੁਰਦੀਪ ਸਿੰਘ ਬਾਸੀ ਪਿੰਡ ਮਾਹਲਾਂ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਦੋਸਤ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਭੈਣੀ ਨਾਲ ਆਪਣੇ ਮੋਟਰਸਾਈਕਲ (ਪੀਬੀ 12 ਡਬਲਿਊ 9676) ’ਤੇ ਪਿੰਡ ਝੱਲੀਆਂ ਖੁਰਦ ਦੇ ਇਕ ਨਿੱਜੀ ਡਾਕਟਰ ਤੋਂ ਦਵਾਈ ਲੈਣ ਗਿਆ ਸੀ। ਉਸ ਨੇ ਦੱਸਿਆ ਕਿ ਉਹ ਆਪਣਾ ਮੋਟਰਸਾਈਕਲ ਖੜਾ ਕਰਕੇ ਸੜਕ ’ਤੇ ਚੜੇ ਹੀ ਸਨ ਤਾਂ ਇੱਕ ਚਿੱਟੇ ਰੰਗ ਦੀ ਕਾਰ (ਪੀਬੀ- 27 ਐੱਲ 8491) ਦੇ ਅਣਪਛਾਤੇ ਚਾਲਕ ਨੇ ਪਹਿਲਾਂ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਫਿਰ ਉਸ ਨੂੰ ਅਤੇ ਉਸ ਦੇ ਦੋਸਤ ਰਣਜੀਤ ਸਿੰਘ ਨੂੰ ਵੀ ਟੱਕਰ ਮਾਰ ਦਿੱਤੀ। ਇਸ ਦੇ ਕਾਰਨ ਉਸ ਦਾ ਚੂਲਾ ਟੁੱਟ ਗਿਆ ਅਤੇ ਲੱਤ ’ਤੇ ਵੀ ਕਾਫੀ ਸੱਟ ਵੱਜੀ, ਜਦਕਿ ਰਣਜੀਤ ਸਿੰਘ ਦੀ ਲੱਤ ਟੁੱਟ ਗਈ ਅਤੇ ਹੋਰ ਵੀ ਕਾਫੀ ਸੱਟਾਂ ਵੱਜੀਆਂ। ਉਨ੍ਹਾਂ ਦੱਸਿਆ ਕਿ ਪਿੰਡ ਮਾਹਲਾਂ ਦੇ ਸਰਪੰਚ ਇੰਦਰਜੀਤ ਸਿੰਘ ਦੇ ਪੁੱਤਰ ਹਰਮਨ ਅਤੇ ਉਸਦੇ ਚਾਚਾ ਅਵਤਾਰ ਸਿੰਘ ਵੱਲੋਂ ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਆਪਣੀ ਕਾਰ ਰਾਹੀਂ ਸਿਵਲ ਹਸਪਤਾਲ ਰੂਪਨਗਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹਨ। ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ’ਤੇ ਉਕਤ ਕਾਰ ਦੇ ਅਣਪਛਾਤੇ ਚਾਲਕ ਖਿਲਾਫ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।