ਰਾਸ਼ਟਰੀ ਸੁਰੱਖਿਆ ਦਾ ਮਸਲਾ ਬਣੀ ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਵਾਪਸੀ : ਬਾਲਾ
ਰਾਸ਼ਟਰੀ ਸੁਰੱਖਿਆ ਦਾ ਮਸਲਾ ਬਣੀ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ : ਦਰਬਾਰਾ ਸਿੰਘ ਬਾਲਾ
Publish Date: Mon, 02 Mar 2026 05:07 PM (IST)
Updated Date: Mon, 02 Mar 2026 05:07 PM (IST)

ਤੁਰੰਤ “ਆਪਰੇਸ਼ਨ ਹੋਮਬਾਊਂਡ” ਦੇ ਨਾਮ ਨਾਲ ਵਿਸ਼ੇਸ਼ ਬਚਾਅ ਮੁਹਿੰਮ ਸ਼ੁਰੂ ਕੀਤੀ ਜਾਵੇ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਅਰਬ ਦੇਸ਼ਾਂ ਵਿਚ ਚੱਲ ਰਹੀ ਭਿਆਨਕ ਜੰਗੀ ਸਥਿਤੀ ਦੇ ਦਰਮਿਆਨ ਵੱਖ-ਵੱਖ ਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਅਤੇ ਨਿੱਜੀ ਕਾਰਨਾਂ ਕਰਕੇ ਗਏ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਨੇ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ “ਰਾਸ਼ਟਰੀ ਸੁਰੱਖਿਆ ਦਾ ਮਸਲਾ ਬਣੀ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ” ਨੂੰ ਹੁਣ ਸਿਰਫ਼ ਵਿਦੇਸ਼ ਨੀਤੀ ਦਾ ਹਿੱਸਾ ਨਾ ਸਮਝਿਆ ਜਾਵੇ, ਸਗੋਂ ਇਹ ਦੇਸ਼ ਦੀ ਇੱਜ਼ਤ ਅਤੇ ਮਨੁੱਖਤਾ ਨਾਲ ਜੁੜਿਆ ਮਾਮਲਾ ਹੈ। ਦਰਬਾਰਾ ਸਿੰਘ ਬਾਲਾ ਨੇ ਕਿਹਾ ਕਿ ਮੌਜੂਦਾ ਅੰਦਾਜ਼ਿਆਂ ਅਨੁਸਾਰ ਹਜ਼ਾਰਾਂ ਭਾਰਤੀ ਵੱਖ-ਵੱਖ ਅਰਬ ਦੇਸ਼ਾਂ ਵਿਚ ਫਸੇ ਹੋਏ ਹਨ। ਕਈ ਦੇਸ਼ਾਂ ਵੱਲੋਂ ਹਵਾਈ ਅੱਡੇ ਬੰਦ ਕੀਤੇ ਜਾਣ ਅਤੇ ਕਮਰਸ਼ੀਅਲ ਉਡਾਣਾਂ ਰੱਦ ਹੋਣ ਕਾਰਨ ਵਾਪਸੀ ਦੇ ਰਸਤੇ ਲਗਭਗ ਮੁੱਕ ਚੁੱਕੇ ਹਨ। ਸ਼ੋਸ਼ਲ ਮੀਡੀਆ ‘ਤੇ ਆ ਰਹੀਆਂ ਵੀਡੀਓਜ਼ ‘ਚ ਲੋਕ ਆਪਣੀ ਮਜ਼ਬੂਰੀ ਬਿਆਨ ਕਰ ਰਹੇ ਹਨ ਕਿ ਉਨ੍ਹਾਂ ਕੋਲ ਨਕਦੀ ਰਕਮ ਅਤੇ ਜ਼ਰੂਰੀ ਦਵਾਈਆਂ ਦੀ ਘਾਟ ਪੈ ਰਹੀ ਹੈ। ਇਹ ਹਾਲਾਤ ਸਿਰਫ਼ ਉਥੇ ਫਸੇ ਨਾਗਰਿਕਾਂ ਲਈ ਹੀ ਨਹੀਂ, ਸਗੋਂ ਭਾਰਤ ਵਿੱਚ ਬੈਠੇ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਭਾਰੀ ਚਿੰਤਾ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਿਰਫ਼ ਐਡਵਾਈਜ਼ਰੀਆਂ ਜਾਰੀ ਕਰਨ ਦੀ ਬਜਾਏ ਤੁਰੰਤ “ਆਪਰੇਸ਼ਨ ਹੋਮਬਾਊਂਡ” ਦੇ ਨਾਮ ਨਾਲ ਵਿਸ਼ੇਸ਼ ਬਚਾਅ ਮੁਹਿੰਮ ਸ਼ੁਰੂ ਕੀਤੀ ਜਾਵੇ। ਇਸ ਯੋਜਨਾ ਤਹਿਤ ਪਹਿਲਾਂ ਪ੍ਰਭਾਵਿਤ ਦੇਸ਼ਾਂ ਵਿੱਚ ਮੌਜੂਦ ਭਾਰਤੀ ਦੂਤਾਵਾਸਾਂ ਰਾਹੀਂ ਫਸੇ ਹੋਏ ਨਾਗਰਿਕਾਂ ਦੀ ਡਿਜ਼ੀਟਲ ਰਜਿਸਟ੍ਰੇਸ਼ਨ ਕਰਕੇ ਪੂਰਾ ਡਾਟਾ ਇਕੱਠਾ ਕੀਤਾ ਜਾਵੇ; ਦੂਜੇ ਪੜਾਅ ਵਿੱਚ ਸੈਨਿਕ ਜਾਂ ਖ਼ਾਸ ਚਾਰਟਰਡ ਉਡਾਣਾਂ ਰਾਹੀਂ ਚਰਨਬੱਧ ਢੰਗ ਨਾਲ ਵਾਪਸੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ; ਅਤੇ ਤੀਜੇ ਪੜਾਅ ਵਿੱਚ ਜਦ ਤੱਕ ਵਾਪਸੀ ਸੰਭਵ ਨਹੀਂ ਹੁੰਦੀ, ਤਦ ਤੱਕ ਖੁਰਾਕ, ਦਵਾਈਆਂ ਅਤੇ ਐਮਰਜੈਂਸੀ ਆਰਥਿਕ ਸਹਾਇਤਾ ਉਨ੍ਹਾਂ ਤੱਕ ਪਹੁੰਚਾਉਣ ਲਈ ਖਾਸ ਫੰਡ ਜਾਰੀ ਕੀਤਾ ਜਾਵੇ। ਦਰਬਾਰਾ ਸਿੰਘ ਬਾਲਾ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਵਿੱਚ 24 ਘੰਟੇ ਨੋਡਲ ਸਪੋਰਟ ਡੈਸਕ ਸਥਾਪਿਤ ਕੀਤਾ ਜਾਵੇ, ਜਿੱਥੇ ਪਰੇਸ਼ਾਨ ਪਰਿਵਾਰਾਂ ਨੂੰ ਰੀਅਲ-ਟਾਈਮ ਅਪਡੇਟ ਮਿਲ ਸਕਣ। ਇਸਦੇ ਨਾਲ ਹੀ ਭਾਰਤ ਪੱਧਰ ‘ਤੇ ਇੱਕ ਕੇਂਦਰੀਕ੍ਰਿਤ ਹੈਲਪਲਾਈਨ ਨੰਬਰ ਅਤੇ ਆਨਲਾਈਨ ਪੋਰਟਲ ਜਾਰੀ ਕੀਤਾ ਜਾਵੇ, ਤਾਂ ਜੋ ਪਰਿਵਾਰ ਆਪਣੇ ਸਦੱਸਾਂ ਦੀ ਕੁਸ਼ਲ-ਮੰਗਲ ਬਾਰੇ ਪ੍ਰਮਾਣਿਕ ਜਾਣਕਾਰੀ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਅੰਤਰਰਾਸ਼ਟਰੀ ਕੂਟਨੀਤਿਕ ਸੰਬੰਧਾਂ ਦੀ ਵਰਤੋਂ ਮਨੁੱਖਤਾ ਦੇ ਹਿੱਤ ਵਿੱਚ ਕਰਨੀ ਚਾਹੀਦੀ ਹੈ ਅਤੇ ਵਿਦੇਸ਼ਾਂ ਵਿੱਚ ਫਸੇ ਹਰ ਭਾਰਤੀ ਦੀ ਜਾਨ ਬਚਾਉਣ ਨੂੰ ਸਭ ਤੋਂ ਵੱਡੀ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪ੍ਰਵਾਸੀ ਭਾਰਤੀ ਦੇਸ਼ ਦੀ ਅਰਥਵਿਵਸਥਾ ਦਾ ਅਹਿਮ ਹਿੱਸਾ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਜੰਗੀ ਪੱਧਰ ‘ਤੇ ਕਾਰਵਾਈ ਕਰਨੀ ਲਾਜ਼ਮੀ ਹੈ।