ਸੰਤ ਅਜੀਤ ਸਿੰਘ ਨੂੰ ਯਾਦ ਕਰਨਾ ਇਲਾਕੇ ਲਈ ਮਾਣ ਦੀ ਗੱਲ
ਨੂਰਪੁਰਬੇਦੀ ਬੁੰਗਾ ਸਾਹਿਬ ਸੜਕ ਦਾ ਨਾਮ ਸੰਤ ਅਜੀਤ ਸਿੰਘ ਦੇ ਨਾਮ ਉੱਤੇ ਰੱਖਣ ‘ਤੇ
Publish Date: Sun, 15 Mar 2026 04:29 PM (IST)
Updated Date: Mon, 16 Mar 2026 04:04 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਬੁੰਗਾ ਸਾਹਿਬ ਸੜਕ ਦਾ ਨਾਮ ਸਾਬਕਾ ਵਿਧਾਇਕ ਅਤੇ ਦਰਵੇਸ਼ ਸਿਆਸਤਦਾਨ ਸੰਤ ਅਜੀਤ ਸਿੰਘ ਦੇ ਨਾਮ ‘ਤੇ ਰੱਖਣ ਦੇ ਫੈਸਲੇ ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਦੂਰਅੰਦੇਸ਼ੀ ਅਤੇ ਸਕਾਰਾਤਮਕ ਸੋਚ ਦਾ ਨਤੀਜਾ ਦੱਸਦੇ ਹੋਏ ਇਲਾਕੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਕੇਵਲ ਇੱਕ ਸੜਕ ਦੇ ਨਾਮਕਰਨ ਤੱਕ ਸੀਮਿਤ ਨਹੀਂ, ਸਗੋਂ ਖੇਤਰ ਲਈ ਯੋਗਦਾਨ ਪਾਉਣ ਵਾਲੀਆਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦਾ ਮਹੱਤਵਪੂਰਨ ਕਦਮ ਹੈ। ਇਸ ਸਬੰਧੀ ਵੱਖ-ਵੱਖ ਪਿੰਡਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਅਜੀਤ ਸਿੰਘ ਨੇ ਆਪਣੇ ਵਿਧਾਇਕ ਕਾਰਜਕਾਲ ਦੌਰਾਨ ਖੇਤਰ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਖਾਸ ਕਰਕੇ ਸਰਾਂਏ ਪੱਤਣ ਵਿਖੇ ਪੁਲ ਦੀ ਉਸਾਰੀ ਕਰਵਾ ਕੇ ਇਸ ਪਛੜੇ ਇਲਾਕੇ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਸੀ, ਜਿਸ ਨਾਲ ਆਵਾਜਾਈ ਤੇ ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ਵਿਚ ਵੱਡਾ ਸੁਧਾਰ ਆਇਆ। ਇਲਾਕਾ ਵਾਸੀਆਂ ਨੇ ਕਿਹਾ ਕਿ ਨੂਰਪੁਰਬੇਦੀ ਬੁੰਗਾ ਸਾਹਿਬ ਸੜਕ ਨੂੰ ਸੰਤ ਅਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕਰਨਾ ਉਨ੍ਹਾਂ ਦੀਆਂ ਸੇਵਾਵਾਂ ਨੂੰ ਸੱਚੀ ਸ਼ਰਧਾਂਜਲੀ ਹੈ। ਲੋਕਾਂ ਨੇ ਇਹ ਵੀ ਕਿਹਾ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਬਿਨ੍ਹਾਂ ਕਿਸੇ ਪਾਰਟੀਬਾਜ਼ੀ ਜਾਂ ਵਿਤਕਰੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾ ਰਹੇ ਹਨ ਅਤੇ ਰੂਪਨਗਰ ਹਲਕੇ ਲਈ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਨਮਾਨ ਦੇ ਰਹੇ ਹਨ। ਇਸ ਮੌਕੇ ਪਿੰਡ ਬੜਵਾ ਦੇ ਸਰਪੰਚ ਅਵਤਾਰ ਸਿੰਘ ਕਨੂੰਰ, ਸਾਬਕਾ ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ, ਕਰਮਜੀਤ ਸਿੰਘ ਗਿੱਲ ਅਤੇ ਮਾਸਟਰ ਗੁਰਨੈਬ ਸਿੰਘ ਗਿੱਲ ਤੋਂ ਇਲਾਵਾ ਪਿੰਡ ਚਨੌਲੀ, ਬਸੀ, ਸੇਖਪੁਰ, ਸ਼ਾਹਪੁਰ ਬੇਲਾ ਅਤੇ ਚਹਿੜ ਮਜਾਰਾ ਦੇ ਸਰਪੰਚਾਂ ਅਤੇ ਪੰਚਾਂ ਸਮੇਤ ਇਲਾਕੇ ਦੀਆਂ ਹੋਰ ਕਈ ਮਾਣਯੋਗ ਸ਼ਖਸੀਅਤਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੰਤ ਅਜੀਤ ਸਿੰਘ ਵਰਗੀ ਦਰਵੇਸ਼ ਅਤੇ ਲੋਕਹਿਤੈਸ਼ੀ ਸ਼ਖਸੀਅਤ ਨੂੰ ਇਸ ਤਰ੍ਹਾਂ ਯਾਦ ਕਰਨਾ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ। ਇਲਾਕਾ ਵਾਸੀਆਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਨਾ ਸਿਰਫ ਸੰਤ ਅਜੀਤ ਸਿੰਘ ਦੀ ਯਾਦ ਨੂੰ ਸਨਮਾਨ ਮਿਲਿਆ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਤੋਂ ਪ੍ਰੇਰਣਾ ਮਿਲੇਗੀ।