ਰਾਹੁਲ ਗਾਂਧੀ ਦੀ ਟਿੱਪਣੀ ਲੋਕਤੰਤਰ ਲਈ ਸ਼ਰਮਨਾਕ : ਡਾ. ਸੁਭਾਸ਼ ਸ਼ਰਮਾ
ਰਾਹੁਲ ਗਾਂਧੀ ਦੀ ਟਿੱਪਣੀ ਲੋਕਤੰਤਰ ਲਈ ਸ਼ਰਮਨਾਕ: ਡਾ. ਸੁਭਾਸ਼ ਸ਼ਰਮਾ
Publish Date: Thu, 05 Feb 2026 04:42 PM (IST)
Updated Date: Thu, 05 Feb 2026 04:44 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ
ਸ਼੍ਰੀ ਆਨੰਦਪੁਰ ਸਾਹਿਬ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਸੰਸਦ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਦੇਸ਼ ਦੇ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਇੱਕ ਸੰਵਿਧਾਨਕ ਅਹੁਦੇ ’ਤੇ ਬੈਠੇ ਰਾਜ ਮੰਤਰੀ ਨੂੰ “ਗਦਾਰ” ਕਹਿ ਕੇ ਸੰਬੋਧਿਤ ਕਰਨਾ ਸੰਸਦੀ ਮਰਿਆਦਾਵਾਂ ਦੀ ਸ਼ਰੇਆਮ ਉਲੰਘਣਾ ਹੈ। ਡਾ. ਸ਼ਰਮਾ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਦੀ ਰਾਜਨੀਤੀ “ਹਿੱਟ ਐਂਡ ਰਨ” ਮਾਨਸਿਕਤਾ ਦਾ ਪ੍ਰਤੀਕ ਬਣ ਚੁੱਕੀ ਹੈ—ਝੂਠ ਬੋਲਣਾ, ਨਿੱਜੀ ਹਮਲੇ ਕਰਨਾ ਅਤੇ ਫਿਰ ਜ਼ਿੰਮੇਵਾਰੀ ਤੋਂ ਬਚ ਨਿਕਲਣਾ ਰਾਹੁਲ ਗਾਂਧੀ ਦਾ ਸੁਭਾਅ ਹੈ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਸ਼ਹੀਦ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹਨ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਸ਼ਹਾਦਤ ਦਿੱਤੀ ਅਜਿਹੇ ਪਰਿਵਾਰ ਨਾਲ ਜੁੜੇ ਵਿਅਕਤੀ ਨੂੰ ਗਦਾਰ ਕਹਿਣਾ ਸਿਰਫ਼ ਨਿੰਦਣਯੋਗ ਹੀ ਨਹੀਂ, ਸਗੋਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ ਕਾਂਗਰਸ ਦੀ ਉਸ ਸੋਚ ਨੂੰ ਬੇਨਕਾਬ ਕਰਦੀ ਹੈ, ਜੋ ਸਿੱਖ ਭਾਈਚਾਰੇ ਪ੍ਰਤੀ ਨਫ਼ਰਤ ਨੂੰ ਦਰਸਾਉਂਦੀ ਆ ਰਹੀ ਹੈ। ਡਾ. ਸ਼ਰਮਾ ਨੇ 1984 ਦੇ ਦੁਖਦਾਈ ਦੌਰ ਅਤੇ ਸ਼੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨਾਲ ਕਾਂਗਰਸ ਵੱਲੋਂ ਕੀਤੇ ਧੋਖੇ ਅਤੇ ਦਗਾਬਾਜ਼ੀ ਦੇ ਇਤਿਹਾਸਕ ਪਿਛੋਕੜ ਨੂੰ ਦੇਸ਼ ਭੁੱਲ ਨਹੀਂ ਸਕਦਾ। ਡਾ. ਸ਼ਰਮਾ ਨੇ ਇਹ ਵੀ ਆਖਿਆ ਕਿ ਰਾਹੁਲ ਗਾਂਧੀ ਵੱਲੋਂ ਵਿਦੇਸ਼ੀ ਤਾਕਤਾਂ ਨਾਲ ਸੰਪਰਕ, ਦੇਸ਼ ਦੀਆਂ ਸੰਸਥਾਵਾਂ -ਰਾਸ਼ਟਰਪਤੀ, ਪ੍ਰਧਾਨ ਮੰਤਰੀ, ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਸੈਨਾ ਖ਼ਿਲਾਫ਼ ਲਗਾਤਾਰ ਕੂੜ-ਪ੍ਰਚਾਰ ਕਰਨਾ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਦੋਹਰਾਇਆ ਕਿ ਅਜਿਹੇ ਬਿਆਨ ਦੇਸ਼ ਦੀ ਏਕਤਾ-ਅਖੰਡਤਾ ’ਤੇ ਸਵਾਲ ਖੜੇ ਕਰਦੇ ਹਨ। ਅੰਤ ਵਿਚ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਤਾਜ਼ਾ ਬਿਆਨ ਨਾਲ ਕਾਂਗਰਸ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਆ ਗਿਆ ਹੈ ਅਤੇ ਭਾਜਪਾ ਇਸ ਦੀ ਕੜੀ ਨਿੰਦਾ ਕਰਦੀ ਹੈ।