- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੋਸ਼ਲ ਮੀਡੀਆ ‘ਤੇ ਗਿਣਤੀ ਵਾਲੇ ਸਿਮਰਨ ‘ਤੇ ਉਠੇ ਸਵਾਲ

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਦੇ ਨਾਲ ਜਿੱਥੇ ਧਾਰਮਿਕ ਪ੍ਰਚਾਰ ਦੇ ਨਵੇਂ ਮਾਧਿਅਮ ਖੁਲ੍ਹੇ ਹਨ, ਉੱਥੇ ਹੀ ਕੁਝ ਅਜਿਹੀਆਂ ਗਤੀਵਿਧੀਆਂ ਵੀ ਸਾਹਮਣੇ ਆ ਰਹੀਆਂ ਹਨ, ਜੋ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਅੱਜ ਕੱਲ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਵਾਹਿਗੁਰੂ ਦੇ ਨਾਮ ਸਿਮਰਨ ਦੇ ਨਾਲ ਨਾਲ ਗਿਣਤੀ ਕਰਨ ਦੀ ਪ੍ਰਥਾ ਦਰਸਾਈ ਜਾ ਰਹੀ ਹੈ। ਇਸ ਵੀਡੀਓ ਵਿਚ ਵਾਹਿਗੁਰੂ ਵਾਹਿਗੁਰੂ ਦੇ ਉਚਾਰਣ ਨੂੰ ਇੱਕ, ਦੋ, ਤਿੰਨ, ਚਾਰ ਆਦਿ ਗਿਣਤੀਆਂ ਨਾਲ ਜੋੜ ਕੇ ਦਿਖਾਇਆ ਗਿਆ ਹੈ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਧਾਰਮਿਕ ਵਿਦਵਾਨਾਂ ਵਲੋਂ ਸੁਆਲ ਖੜ੍ਹੇ ਕੀਤੇ ਗਏ ਹਨ। ਇਸ ਸਬੰਧੀ ਗੱਲ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਸ ਮਾਮਲੇ ‘ਤੇ ਸਖਤ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਸਿੱਖ ਧਰਮ ਵਿਗਿਆਨਿਕ ਅਤੇ ਤਰਕਸੰਗਤ ਧਰਮ ਹੈ, ਜਿਸ ਵਿਚ ਗਿਣਤੀਆਂ ਮਿਣਤੀਆਂ ਲਈ ਕੋਈ ਥਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਾਮ ਸਿਮਰਨ ਸਿੱਖੀ ਦਾ ਕੇਂਦਰ ਬਿੰਦੂ ਹੈ, ਪਰ ਇਸਨੂੰ ਗਿਣਤੀਆਂ ਜਾਂ ਕਿਸੇ ਮਕੈਨਿਕਲ ਪ੍ਰਕਿਰਿਆ ਨਾਲ ਜੋੜਨਾ ਸਿੱਖੀ ਦੀ ਮੂਲ ਭਾਵਨਾ ਦੇ ਖਿਲਾਫ ਹੈ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਅੰਦਰੋਂ ਜੋੜਨ ਲਈ ਨਾਮ ਬਖਸ਼ਿਆ ਹੈ, ਨਾ ਕਿ ਇਸਨੂੰ ਕਿਸੇ ਗਿਣਤੀ ਜਾਂ ਰਸਮੀ ਰੀਤ ਨਾਲ ਬੰਨ੍ਹਣ ਲਈ। ਉਹਨਾਂ ਹੋਰ ਕਿਹਾ ਕਿ ਅਜਿਹੀਆਂ ਵੀਡੀਓਜ਼ ਨਾ ਸਿਰਫ ਲੋਕਾਂ ਨੂੰ ਗਲਤ ਦਿਸ਼ਾ ਵਿਚ ਲੈ ਕੇ ਜਾਂਦੀਆਂ ਹਨ, ਸਗੋਂ ਸਿੱਖ ਧਰਮ ਦੀ ਸੱਚੀ ਸਿੱਖਿਆ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਗਿਆਨੀ ਕੇਵਲ ਸਿੰਘ ਨੇ ਕੌਮ ਦੇ ਜਥੇਦਾਰਾਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਤੇ ਸੁਚੇਤ ਹੋਣ ਅਤੇ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਦੀ ਜਾਂਚ ਕਰਕੇ ਯੋਗ ਕਾਰਵਾਈ ਕੀਤੀ ਜਾਵੇ, ਤਾਂ ਜੋ ਸਿੱਖੀ ਸਿਧਾਂਤਾਂ ਦੀ ਰੱਖਿਆ ਕੀਤੀ ਜਾ ਸਕੇ।
ਇਸ ਮਾਮਲੇ ‘ਤੇ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਨੇ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦਾ ਹੈ ਜਿਸ ਰਾਹੀਂ ਸਿੱਖ ਧਰਮ ਵਿਚ ਪਾਖੰਡਵਾਦ ਨੂੰ ਵਧਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖੀ ਸਿਧਾਂਤ ਸਪਸ਼ਟ ਤੌਰ ‘ਤੇ ਦੱਸਦੇ ਹਨ ਕਿ ਵਾਹਿਗੁਰੂ ਦਾ ਨਾਮ ਸਿਮਰਨ ਪ੍ਰੇਮ ਅਤੇ ਭਾਵਨਾ ਨਾਲ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਗਿਣਤੀਆਂ ਜਾਂ ਕਿਸੇ ਨਿਯਮਤ ਗਿਣਤੀ ਪ੍ਰਣਾਲੀ ਦੇ ਤਹਿਤ। ਇਸ ਤਰ੍ਹਾਂ ਦੀ ਪ੍ਰਕਿਰਿਆ ਸਿੱਖੀ ਵਿਚ ਕਿਤੇ ਵੀ ਪ੍ਰਮਾਣਿਤ ਨਹੀਂ ਹੈ ਅਤੇ ਇਹ ਗੁਰੂ ਘਰ ਦੀ ਮਰਿਆਦਾ ਦੇ ਉਲਟ ਹੈ।
ਵਿਦਵਾਨਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਵੀਡੀਓਜ਼ ਤੋਂ ਸਾਵਧਾਨ ਰਹਿਣ ਅਤੇ ਸਿਰਫ ਗੁਰਬਾਣੀ ਅਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਹੀ ਆਪਣੇ ਜੀਵਨ ਵਿਚ ਅਮਲ ਕਰਨ। ਸਿੱਖ ਜਥੇਬੰਦੀਆਂ ਅਤੇ ਪ੍ਰਬੰਧਕ ਸੰਸਥਾਵਾਂ ਲਈ ਇਹ ਇੱਕ ਚੁਣੌਤੀ ਬਣਦੀ ਜਾ ਰਹੀ ਹੈ ਕਿ ਉਹ ਅਜਿਹੀਆਂ ਗਲਤ ਪ੍ਰਥਾਵਾਂ ਨੂੰ ਰੋਕਣ ਤੇ ਸਿੱਖੀ ਦੇ ਅਸਲ ਸਿਧਾਂਤਾਂ ਨੂੰ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਲਈ ਢੁੱਕਵੇਂ ਕਦਮ ਚੁੱਕਣ।