ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਜਾਮ ਦੀ ਚੇਤਾਵਨੀ
ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ਦਾ ਗੁੱਸਾ ਚਰਮ ‘ਤੇ
Publish Date: Sun, 29 Mar 2026 05:04 PM (IST)
Updated Date: Mon, 30 Mar 2026 04:03 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਹਿਮਾਚਲ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਸਟੇਟ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ਵਿੱਚ ਰੋਸ ਹੁਣ ਚਰਮ ‘ਤੇ ਪਹੁੰਚ ਗਿਆ ਹੈ। ਐਤਵਾਰ ਨੂੰ ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਆਜ਼ਾਦ ਟੈਕਸੀ ਯੂਨੀਅਨਾਂ ਅਤੇ ਵੱਖ-ਵੱਖ ਟਰਾਂਸਪੋਰਟ ਸੰਸਥਾਵਾਂ ਦੇ ਸੈਂਕੜੇ ਸੰਘਰਸ਼ਕਾਰੀਆਂ ਨੇ ਭਰਤਗੜ੍ਹ–ਨਾਲਾਗੜ੍ਹ ਨਾਲ ਜੁੜਦੇ ਦੋ ਮਹੱਤਵਪੂਰਨ ਸਟੇਟ ਹਾਈਵੇ ਪੰਜੇਹਰਾ ਰੋਡ ਅਤੇ ਦਬੋਟਾ ਰੋਡ ਨੂੰ ਕਰੀਬ ਢਾਈ ਘੰਟੇ ਲਈ ਜਾਮ ਕਰ ਦਿੱਤਾ। ਵਰ੍ਹਦੇ ਮੀਂਹ ਦੇ ਬਾਵਜੂਦ ਸੰਘਰਸ਼ਕਾਰੀਆਂ ਦਾ ਜਜ਼ਬਾ ਦੇਖਣ ਵਾਲਾ ਸੀ, ਭਾਰੀ ਬਾਰਿਸ਼ ਵਿੱਚ ਵੀ ਪ੍ਰਦਰਸ਼ਨਕਾਰੀ ਸੜਕਾਂ ‘ਤੇ ਡਟੇ ਰਹੇ ਅਤੇ ਸਰਕਾਰ ਖ਼ਿਲਾਫ਼ ਤਿੱਖੇ ਨਾਅਰੇ ਲਗਾਏ। ਆਗੂਆਂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਤੇ ਉੱਥੇ ਦੇ ਪੰਚਾਇਤ ਮੰਤਰੀ ਅਨਿਰੁਧ ਸਿੰਘ ਦਾ ਰਜ ਕੇ ਜਲੂਸ ਕੱਢਿਆ। ਆਗੂਆਂ ਨੇ ਸਖ਼ਤ ਲਹਿਜ਼ੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਸਿਰਫ ਦੋ ਦਿਨ ਬਚੇ ਹਨ ਅਤੇ ਇਹ ਸਿਰਫ ਟਰੇਲਰ ਸੀ, ਅਸਲ ਸੰਘਰਸ਼ ਹਾਲੇ ਬਾਕੀ ਹੈ। ਉਨ੍ਹਾਂ ਐਲਾਨ ਕੀਤਾ ਕਿ 31 ਮਾਰਚ ਅੱਧੀ ਰਾਤ ਤੋਂ ਬਾਅਦ ਕਿਸੇ ਵੀ ਸਮੇਂ ਪੰਜਾਬ-ਹਿਮਾਚਲ ਦੇ ਸਾਰੇ ਐਂਟਰੀ ਪੁਆਇੰਟ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤੇ ਜਾਣਗੇ। ਸ੍ਰੀ ਕੀਰਤਪੁਰ ਸਾਹਿਬ–ਮਨਾਲੀ ਨੈਸ਼ਨਲ ਹਾਈਵੇ, ਘਨੌਲੀ-ਭਰਤਗੜ੍ਹ ਮਾਰਗ ਸਮੇਤ ਰੂਪਨਗਰ ਜ਼ਿਲ੍ਹੇ ਦੇ 11 ਅਤੇ ਪੰਜਾਬ ਦੇ 33 ਐਂਟਰੀ ਪੁਆਇੰਟਾਂ ਨੂੰ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਸੰਘਰਸ਼ਕਾਰੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਹੁਣ ਕਿਸੇ ਵੀ ਸਮਝੌਤੇ ਦੀ ਗੁੰਜਾਇਸ਼ ਨਹੀਂ ਰਹੀ। “ਹਿਮਾਚਲ ਸਰਕਾਰ ਨੂੰ ਇਹ ਟੋਲ ਨਾਕੇ ਤੁਰੰਤ ਹਟਾਉਣੇ ਪੈਣਗੇ, ਨਹੀਂ ਤਾਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਲਈ ਤਿਆਰ ਰਹੇ। ਸੰਘਰਸ਼ੀ ਆਗੂ ਗੌਰਵ ਰਾਣਾ ਹਰਪ੍ਰੀਤ ਸਿੰਘ ਤੇ ਸੇਠੀ ਸ਼ਰਮਾ ਨੇ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਕਿਉਂਕਿ ਵਿਧਾਨ ਸਭਾ ਵਿੱਚ ਇਹ ਮੁੱਦਾ ਹੱਲ ਨਹੀਂ ਹੋ ਸਕਿਆ। ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ, ਬੀਕੇਯੂ ਬਹਿਰਾਮ ਕੇ ਦੇ ਅਵਤਾਰ ਸਿੰਘ, ਕਰਨਵੀਰ ਸਿੰਘ ਸੋਨੂ, ਪ੍ਰਿੰਸ ਬਢਲ, ਐਡਵੋਕੇਟ ਵਿਸ਼ਾਲ ਸੈਣੀ, ਜਵਾਹਰ ਸਿੰਘ ਮੱਲੀ, ਰਿੰਕੂ ਕੁਮਾਰ, ਪਰਗਟ ਸਿੰਘ ਘਨੋਲੀ ਬਲਵੀਰ ਸਿੰਘ ਮੁੰਨੇ ਪ੍ਰੀਤਮ ਸਿੰਘ ਰਾਏਪੁਰ ਲਛਮਣ ਸਿੰਘ ਖੇੜੀ ਸੂਬੇਦਾਰ ਰੋਸ਼ਨ ਲਾਲ ਨੀਰਜ ਰਾਣਾ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਰਹੇ। ਕਰੀਬ ਢਾਈ ਘੰਟੇ ਬਾਅਦ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਸੰਦੀਪ ਕੁਮਾਰ ਅਤੇ ਥਾਣਾ ਮੁਖੀ ਜਤਿਨ ਕਪੂਰ ਦੀ ਅਗਵਾਈ ਵਿੱਚ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ। ਪ੍ਰਸ਼ਾਸਨ ਵੱਲੋਂ ਸੰਘਰਸ਼ਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਉਹਨਾਂ ਦੀਆਂ ਮੰਗਾਂ ਨੂੰ ਉੱਚ ਪੱਧਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਬੇਸ਼ੱਕ ਜਾਮ ਕਰੀਬ ਢਾਈ ਘੰਟੇ ਬਾਅਦ ਖੋਲ ਦਿੱਤਾ ਗਿਆ, ਪਰ ਆਵਾਜਾਈ ਬਹਾਲ ਹੋਣ ਲਈ ਕਰੀਬ ਦੋ ਘੰਟੇ ਹੋਰ ਤੇ ਕੁੱਲ ਚਾਰ ਘੰਟੇ ਦਾ ਸਮਾਂ ਲੱਗ ਗਿਆ। ਕਾਬਿਲੇ ਗੌਰ ਹੈ ਕੀ ਬਾਰਿਸ਼ ਵੀ ਧਰਨਾਕਾਰੀਆਂ ਦਾ ਗੁੱਸਾ ਸ਼ਾਂਤ ਨਹੀਂ ਕਰ ਸਕੀ ਧਰਨਾਕਾਰੀ ਵਰਦੇ ਮੀਹ ਵਿੱਚ ਇੱਕ ਜੁੱਟ ਹੋ ਕੇ ਧਰਨਾ ਦੇ ਰਹੇ ਸਨ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾਂ ਕਾਰਨ ਸੜਕ ਦੇ ਦੋਵੇਂ ਪਾਸੇ ਭਾਰੀ ਜਾਮ ਲੱਗਿਆ। ਇਸ ਸੰਘਰਸ਼ ਦੌਰਾਨ ਭਰਤਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸਥਾਨਕ ਨਿਵਾਸੀਆਂ ਨੇ ਪ੍ਰਬੰਧ ਸੁਚੱਜੇ ਢੰਗ ਨਾਲ ਨਿਭਾਏ, ਜਿਸ ਨਾਲ ਸੰਘਰਸ਼ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਚੱਲਿਆ। ਇਸ ਮੌਕੇ ਪਠਾਨਕੋਟ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਿੰਕੂ ਕੁਮਾਰ ਨੇ ਦਾਅਵਾ ਕੀਤਾ ਤੇ ਪੰਜਾਬ ਦੇ ਹਿਮਾਚਲ ਨਾਲ ਜੋੜਨ ਵਾਲੇ ਐਂਟਰੀ ਟੈਕਸਾਂ ਨੂੰ ਸੀਲ ਕਰਨ ਦੀ ਕੜੀ ਤਹਿਤ 1 ਅਪ੍ਰੈਲ ਨੂੰ ਪਠਾਨਕੋਟ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਵੀ ਹਿਮਾਚਲ ਦੇ ਪਠਾਨਕੋਟ ਡਲਹੋਜੀ ਤੇ ਚੰਬਾ ਧਰਮਸ਼ਾਲਾ ਰੂਟ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਕਿਸੇ ਅਣਹੋਣੀ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਮੌਜੂਦ ਸੀ। ਥਾਣਾ ਮੁਖੀ ਸ੍ਰੀ ਕੀਰਤਪੁਰ ਸਾਹਿਬ ਜਤਿਨ ਕਪੂਰ, ਭਰਤਗੜ ਚੌਂਕੀ ਇੰਚਾਰਜ ਸਮੇਤ ਪੁਲਿਸ ਪਾਰਟੀ ਧਰਨੇ ਵਾਲੇ ਜਗ੍ਹਾ ਤੇ ਮੌਜੂਦ ਸਨ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਸ ਦਾ ਹੱਲ ਨਾ ਕੱਢਿਆ ਤਾਂ 1 ਅਪ੍ਰੈਲ ਤੋਂ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਤੇ ਬਣੇ ਐਂਟਰੀ ਟੈਕਸ ਟੋਲਾ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ।