ਪਿੰਡ ਮੱਸੇਵਾਲ ਵਿੱਚ ਖੁੱਲ੍ਹੇ ਲਾਲ ਮਿੱਟੀ ਦੇ ਡੰਪ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ
ਪਿੰਡ ਮੱਸੇਵਾਲ ਵਿੱਚ ਖੁੱਲ੍ਹੇ ਲਾਲ ਮਿੱਟੀ ਦੇ ਡੰਪ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ
Publish Date: Wed, 10 Jun 2026 05:03 PM (IST)
Updated Date: Wed, 10 Jun 2026 05:05 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਨਜ਼ਦੀਕੀ ਪਿੰਡ ਮੱਸੇਵਾਲ ਵਿਖੇ ਬਿਲਾਸਪੁਰ-ਕੀਰਤਪੁਰ ਸਾਹਿਬ ਕੌਮੀ ਮਾਰਗ ਦੇ ਕਿਨਾਰੇ ਪਿਛਲੇ ਕੁਝ ਦਿਨਾਂ ਤੋਂ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਨਿਯਮਾਂ ਅਤੇ ਸ਼ਰਤਾਂ ਦੇ ਉਲਟ ਅਤੇ ਵਾਤਾਵਰਣ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਦੇ ਹੋਏ ਖੁੱਲ੍ਹੇ ਆਸਮਾਨ ਹੇਠ ਲਾਲ ਮਿੱਟੀ ਦਾ ਡੰਪ ਚਲਾਇਆ ਜਾ ਰਿਹਾ ਹੈ। ਇਸ ਦਾ ਪਿਛਲੇ ਦਿਨੀਂ ਸੰਬੰਧਿਤ ਪਿੰਡਾਂ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਸੰਬੰਧਿਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਪਿੰਡ ਮੱਸੇਵਾਲ ਵਿਖੇ ਖੁੱਲੇ ਡੰਪ ’ਤੇ ਰੋਸ ਪ੍ਰਗਟ ਕਰ ਰਹੇ ਦਰਸਨ ਸਿੰਘ ਪੰਚ,ਰਾਮ ਕਿਸ਼ਨ, ਹਰਜਿੰਦਰ ਸਿੰਘ,ਬੀਰ ਚੰਦ, ਜੋਗਿੰਦਰ ਪਾਲ, ਸੁਰਿੰਦਰ ਸਿੰਘ,ਜਸਪ੍ਰੀਤ ਸਿੰਘ, ਹੇਮ ਰਾਜ,ਮਦਨ ਲਾਲ, ਸਰਬਣ ਸਿੰਘ, ਰਾਣਾ ਸਿੰਘ,ਕਮਲ ਸਿੰਘ,ਸਤਪਾਲ ਸਿੰਘ,ਸਤਨਾਮ ਸਿੰਘ, ਜਸਵਿੰਦਰ ਸਿੰਘ, ਅਨੋਖ ਸਿੰਘ ਆਦਿ ਨੇ ਦਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਪਿੰਡ ਮੱਸੇਵਾਲ ਵਿੱਚ ਇੱਕ ਸਥਾਨਕ ਵਿਅਕਤੀ ਦੀ ਜ਼ਮੀਨ ਕਿਰਾਏ ’ਤੇ ਲੈ ਕੇ ਸੀਮੈਂਟ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਲਾਲ ਮਿੱਟੀ ਦਾ ਡੰਪ ਖੋਲ੍ਹਿਆ ਗਿਆ ਹੈ। ਇਸ ਸਬੰਧੀ ਨਾ ਤਾਂ ਗ੍ਰਾਮ ਪੰਚਾਇਤ ਨੂੰ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਪਿੰਡ ਵਾਸੀਆਂ ਦੀ ਸਹਿਮਤੀ ਲਈ ਗਈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਡੰਪ ਚਲਾਉਣ ਵਾਲਿਆਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਐਨਓਸੀ ਪ੍ਰਾਪਤ ਕੀਤੇ ਬਿਨਾਂ ਹੀ ਇਹ ਡੰਪ ਸ਼ੁਰੂ ਕੀਤਾ ਗਿਆ ਹੈ, ਜਿੱਥੇ ਨਿਯਮਾਂ ਅਤੇ ਸ਼ਰਤਾਂ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੰਪ ਦੇ ਆਲੇ-ਦੁਆਲੇ ਨਾ ਤਾਂ ਕੋਈ ਸੁਰੱਖਿਆ ਕੰਧ ਬਣਾਈ ਗਈ ਹੈ ਅਤੇ ਨਾ ਹੀ ਹਵਾ ਨਾਲ ਉੱਡਣ ਵਾਲੀ ਧੂੜ ਨੂੰ ਰੋਕਣ ਲਈ ਪਾਣੀ ਦੇ ਫੁਹਾਰੇ ਲਗਾਏ ਗਏ ਹਨ। ਡੰਪ ਵਿੱਚ ਸਾਰਾ ਮਟੀਰੀਅਲ ਖੁੱਲ੍ਹੇ ਵਿੱਚ ਬਿਨਾਂ ਢੱਕੇ ਰੱਖਿਆ ਗਿਆ ਹੈ। ਤੇਜ਼ ਹਵਾ ਜਾਂ ਹਨੇਰੀ ਦੌਰਾਨ ਉੱਡਣ ਵਾਲੀ ਧੂੜ ਨੇੜਲੇ ਰਿਹਾਇਸ਼ੀ ਇਲਾਕਿਆਂ, ਦੁਕਾਨਾਂ, ਮਕਾਨਾਂ ਅਤੇ ਸਕੂਲਾਂ ਤੱਕ ਪਹੁੰਚ ਜਾਂਦੀ ਹੈ। ਇਸ ਕਾਰਨ ਇਲਾਕੇ ਵਿੱਚ ਸਾਹ ਅਤੇ ਚਮੜੀ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦਾ ਖ਼ਤਰਾ ਬਣ ਗਿਆ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਕਤ ਡੰਪ ਨੂੰ ਇੱਥੋਂ ਹਟਾਇਆ ਜਾਵੇ। ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਡੰਪ ’ਤੇ ਮੌਜੂਦ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਡੰਪ ਅਲਟ੍ਰਾਟੈਕ ਸੀਮੈਂਟ ਕੰਪਨੀ ਦੇ ਅਧੀਨ ਖੋਲ੍ਹਿਆ ਗਿਆ ਹੈ ਅਤੇ ਇਹ ਪਿੰਡ ਦੇ ਰਿਹਾਇਸ਼ੀ ਇਲਾਕੇ ਅਤੇ ਸਕੂਲ ਤੋਂ ਕਾਫ਼ੀ ਦੂਰ ਹੈ। ਉਨ੍ਹਾਂ ਕਿਹਾ ਕਿ ਡੰਪ ਖੁੱਲ੍ਹਣ ਨਾਲ ਖੇਤਰ ਦੇ ਟਰਾਂਸਪੋਰਟਰਾਂ ਨੂੰ ਕੰਮ ਮਿਲੇਗਾ, ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਪਿੰਡ ਦੇ ਵਿਕਾਸ ਦੇ ਰਾਹ ਖੁੱਲ੍ਹਣਗੇ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਨਓਸੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਖੇਤਰ ਵਿੱਚ ਕਈ ਵੱਡੇ ਪਲਾਂਟ ਅਤੇ ਡੰਪ ਵੀ ਬਿਨਾਂ ਐਨਓਸੀ ਦੇ ਚੱਲ ਰਹੇ ਹਨ। ਬਾਕੀ ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਨਾਲ ਗੱਲਬਾਤ ਜਾਰੀ ਹੈ। ਉਧਰ, ਗ੍ਰਾਮ ਪੰਚਾਇਤ ਮੱਸੇਵਾਲ ਦੀ ਸਰਪੰਚ ਨੇ ਕਿਹਾ ਕਿ ਡੰਪ ਖੋਲ੍ਹਣ ਤੋਂ ਪਹਿਲਾਂ ਨਾ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਦਿੱਤੀ ਗਈ ਸੀ ਅਤੇ ਨਾ ਹੀ ਗ੍ਰਾਮ ਪੰਚਾਇਤ ਵੱਲੋਂ ਇਸ ਸਬੰਧੀ ਕੋਈ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੰਪ ਵਾਲੀ ਜ਼ਮੀਨ ਦੇ ਅੱਗੇ ਗ੍ਰਾਮ ਪੰਚਾਇਤ ਦੀ ਜ਼ਮੀਨ ਲੱਗਦੀ ਹੈ, ਜਿੱਥੇ ਡੰਪ ਚਲਾਉਣ ਵਾਲਿਆਂ ਵੱਲੋਂ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜਾਣਕਾਰੀ ਮਿਲਣ ’ਤੇ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਨੂੰ ਵੀ ਡੰਪ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਿੰਡ ਮੱਸੇਵਾਲ ਦੇ ਲੋਕਾਂ ਵੱਲੋਂ ਰੋਸ ਪ੍ਰਗਟ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਪਰ ਥਾਣਾ ਮੁੱਖੀ ਕੀਰਤਪੁਰ ਸਾਹਿਬ ਰਾਹੁਲ ਸ਼ਰਮਾ ਪੁੱਜੇ ਜਿਨਾਂ ਵੱਲੋਂ ਲੋਕਾਂ ਦੀ ਗੱਲ ਸੁਣੀ ਗਈ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਐਸਡੀਐਮ ਸ਼੍ਰੀ ਅਨੰਦਪੁਰ ਸਾਹਿਬ ਨਾਲ ਗੱਲ ਕਰਨਗੇ ਤੇ ਇਸ ਮਸਲੇ ਦਾ ਹੱਲ ਕਰਵਾਇਆ ਜਾਏਗਾ ਇਸ ਲਈ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ। ਇਸ ਮਾਮਲੇ ਸਬੰਧੀ ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਵਿਪਿਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਲਦੀ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਕੇ ਜਾਂਚ ਕਰਵਾਈ ਜਾਵੇਗੀ। ਐਸਡੀਓ ਹਿਮਾਨੀ ਗੋਇਲ ਨੇ ਕਿਹਾ ਕਿ ਐਕਸੀਅਨ ਸਾਹਿਬ ਤੋਂ ਉਹਨਾਂ ਨੂੰ ਮੌਕਾ ਦੇਖ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਹਿਦਾਇਤ ਪ੍ਰਾਪਤ ਹੋਈ ਹੈ। ਉਹ ਕੱਲ ਨੂੰ ਮੌਕਾ ਦੇਖ ਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕਰਨਗੇ ਅਤੇ ਕਿਸੇ ਨੂੰ ਵੀ ਨਜਾਇਜ ਡੰਪ ਖੋਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।