5 ਨੂੰ ਜਲ ਸਪਲਾਈ ਦਫਤਰ ਨੂਰਪੁਰ ਬੇਦੀ ਅੱਗੇ ਲੱਗੇਗਾ ਧਰਨਾ
5 ਮਾਰਚ ਨੂੰ ਜਲ ਸਪਲਾਈ ਦਫਤਰ ਨੂਰਪੁਰ ਬੇਦੀ ਅੱਗੇ ਗੂੰਜੇਗਾ ਰੋਸ
Publish Date: Mon, 02 Mar 2026 05:17 PM (IST)
Updated Date: Mon, 02 Mar 2026 05:19 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ, ਜ਼ਿਲ੍ਹਾ ਰੋਪੜ ਦੀ ਬ੍ਰਾਂਚ ਵੱਲੋਂ 5 ਮਾਰਚ ਨੂੰ ਜਲ ਸਪਲਾਈ ਦਫਤਰ ਨੂਰਪੁਰ ਬੇਦੀ ਅੱਗੇ ਤਿੱਖਾ ਅਤੇ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਧਰਨਾ ਜਲ ਸਪਲਾਈ ਵਿਭਾਗ ਦੇ ਮੁੱਖੀ ਮੁਹਾਲੀ ਵੱਲੋਂ 320 ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਤੋਂ ਬਾਹਰ ਕਰਨ ਸਬੰਧੀ ਜਾਰੀ ਕੀਤੇ ਫਰਮਾਨ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਹੈ। ਬਰਾਂਚ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਨਰਿੰਦਰ ਕੁਮਾਰ ਅਤੇ ਚੇਅਰਮੈਨ ਰਾਹੁਲ ਅਗਰਵਾਲ ਨੇ ਕੜੇ ਸ਼ਬਦਾਂ ਵਿਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਿਭਾਗ ਦੀ ਅਫ਼ਸਰਸ਼ਾਹੀ ਨੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ। ਜਿਨ੍ਹਾਂ ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ ਸਾਲਾਂ ਤੋਂ ਪੱਕਾ ਕਰਨ ਦੀ ਮੰਗ ਚੱਲ ਰਹੀ ਸੀ, ਉਨ੍ਹਾਂ ਨੂੰ ਨਿਯਮਤ ਕਰਨ ਦੀ ਬਜਾਏ ਬਰਖ਼ਾਸਤ ਕਰਨ ਦਾ ਪੱਤਰ ਜਾਰੀ ਕਰਨਾ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਨੂੰ ਬੇਨਕਾਬ ਕਰਦਾ ਹੈ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਅਤੇ ਵਿਭਾਗ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਤੋਂ ਮੁੰਹ ਮੋੜ ਰਹੇ ਹਨ। ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ ਪੱਕਾ ਨਾ ਕਰਨਾ, ਨਵੀਆਂ ਭਰਤੀਆਂ ‘ਤੇ ਰੋਕ, 30,000 ਰੁਪਏ ਤਨਖਾਹ ਸਕੇਲ ਲਾਗੂ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ, 20:30:50 ਨੀਤੀ ਲਾਗੂ ਨਾ ਕਰਨਾ, ਪ੍ਰਮੋਸ਼ਨਾਂ ਵਿੱਚ ਦੇਰੀ, ਰਿਟਾਇਰ ਹੋਏ ਕਰਮਚਾਰੀਆਂ ਦੇ ਬਕਾਏ ਰੋਕਣਾ ਅਤੇ 16% ਡੀਏ ਨਾ ਦੇਣਾ ਗੰਭੀਰ ਮਸਲੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟੈਸਟ ਪਾਸ ਦਰਜਾ ਚਾਰ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ‘ਤੇ ਬੇਤੁਕੇ ਐਤਰਾਜ਼ ਲਗਾਏ ਜਾ ਰਹੇ ਹਨ, ਪੁਰਾਣੇ ਜੂਨੀਅਰ ਇੰਜੀਨੀਅਰਾਂ ਨੂੰ ਰਿਵਰਟ ਕੀਤਾ ਜਾ ਰਿਹਾ ਹੈ ਅਤੇ ਨਵੇਂ ਜੇਈਜ਼ ਦੀ ਭਰਤੀ ਨਹੀਂ ਕੀਤੀ ਜਾ ਰਹੀ। ਡਿਪਲੋਮਾ ਹੋਲਡਰ ਸਾਥੀਆਂ ‘ਤੇ ਨਾਜਾਇਜ਼ ਕੇਸ ਦਰਜ ਕਰਨਾ ਅਤੇ ਕੱਟੇ ਹੋਏ ਭੱਤੇ ਬਹਾਲ ਨਾ ਕਰਨਾ ਵੀ ਵਿਭਾਗ ਦੀ ਦਬਾਉ ਨੀਤੀ ਦਾ ਹਿੱਸਾ ਹੈ। ਯੂਨੀਅਨ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਹ ਮੁਲਾਜ਼ਮ ਵਿਰੋਧੀ ਫੈਸਲੇ ਤੁਰੰਤ ਵਾਪਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ‘ਤੇ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਲੁਭਾਇਆ ਦਿਵੇਦੀ, ਜਸਵਿੰਦਰ ਪਾਲ, ਧਰਮ ਸਿੰਘ, ਰਮੇਸ਼ ਕੁਮਾਰ ਸੋਨੂ, ਗਿਆਨ ਚੰਦ, ਓੰਕਾਰ ਸਿੰਘ, ਅਰਸ਼ਦੀਪ ਅਤੇ ਮਨਜਿੰਦਰ ਸਿੰਘ ਸਮੇਤ ਕਈ ਹੋਰ ਸਾਥੀ ਮੌਜੂਦ ਸਨ।