ਲੋਕਾਂ ਦੀਆਂ ਬਰੂਹਾਂ ’ਤੇ ਜਾ ਕੇ ਕੀਤਾ ਜਾ ਰਿਹਾ ਸਮੱਸਿਆਵਾ ਦਾ ਹੱਲ: ਹਰਜੋਤ ਬੈਂਸ
ਲੋਕਾਂ ਦੀਆਂ ਬਰੂਹਾਂ ’ਤੇ ਜਾ ਕੇ ਸਮੱਸਿਆਵਾ ਦਾ ਕੀਤਾ ਜਾ ਰਿਹਾ ਢੁਕਵਾ ਹੱਲ: ਹਰਜੋਤ ਬੈਂਸ
Publish Date: Sun, 18 Jan 2026 04:57 PM (IST)
Updated Date: Mon, 19 Jan 2026 04:06 AM (IST)

ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਹਲਕੇ ਵਿਚ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਹੁਣ ਜਨਤਾ ਦਰਬਾਰ ਸਿਰਫ਼ ਨੰਗਲ ਕੋਠੀ ਤੱਕ ਸੀਮਿਤ ਨਹੀਂ ਰਹਿਣਗੇ, ਸਗੋਂ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਲਗਾਏ ਜਾਣਗੇ। ਪਿਛਲੇ ਹਫ਼ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਨਤਾ ਦਰਬਾਰ ਲਗਾਇਆ ਗਿਆ ਸੀ ਅਤੇ ਅੱਜ ਇਸ ਕੈਂਪ ਤਹਿਤ ਚੰਗਰ ਦੇ ਕਈ ਪਿੰਡਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕ ਆਪਣੀਆਂ ਸਮੱਸਿਆਵਾ ਅਤੇ ਹੋਰ ਮਸਲੇ ਲੈ ਕੇ ਨਿਸ਼ਚਿਤ ਹੋ ਕੇ ਆ ਸਕਦੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾਤਰ ਮਸਲੇ ਮੌਕੇ ’ਤੇ ਹੀ ਹੱਲ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਗੁੱਜਰ ਭਵਨ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸਨੂੰ ਸਟੇਟ ਆਫ ਆਰਟ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ। ਇੱਥੇ ਸਮਾਗਮਾਂ ਲਈ ਹਾਲ, ਡਾਕਟਰੀ ਸਹੂਲਤਾਂ, ਬੱਚਿਆਂ ਲਈ ਲਾਇਬ੍ਰੇਰੀ, ਖੇਡ ਮੈਦਾਨ ਅਤੇ ਪਾਰਕ ਤਿਆਰ ਕੀਤੇ ਜਾਣਗੇ ਤਾਂ ਜੋ ਪੂਰਾ ਕੰਪਲੈਕਸ ਲੋਕਾਂ ਲਈ ਲਾਭਦਾਇਕ ਬਣ ਸਕੇ। ਬੈਂਸ ਨੇ ਕਿਹਾ ਕਿ ਹਲਕੇ ਦੀ ਸਭ ਤੋਂ ਵੱਡੀ ਸਮੱਸਿਆ ਆਵਾਜਾਈ ਅਤੇ ਪੀਣ ਵਾਲੇ ਪਾਣੀ ਦੀ ਰਹੀ ਹੈ, ਜਿਸਨੂੰ ਧਿਆਨ ਵਿਚ ਰੱਖਦਿਆਂ 127 ਕਿਲੋਮੀਟਰ ਸੜਕਾਂ ਨੂੰ ਚੌੜਾ ਕਰਨ (18 ਫੁੱਟ) ਦਾ ਕੰਮ ਜਾਰੀ ਹੈ ਅਤੇ ਹੋਰ 65 ਕਿਲੋਮੀਟਰ ਸੜਕਾਂ ਜਲਦ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਲੱਗਭੱਗ 200 ਕਿਲੋਮੀਟਰ ਸੜਕਾਂ ਦਾ ਜਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਪਿੰਡਾਂ ਵਿਚ ਵੀ ਨਵੀਆਂ ਸੜਕਾਂ ਬਣ ਰਹੀਆਂ ਹਨ, ਜਿੱਥੇ ਪਹਿਲਾਂ ਕਦੇ ਸੜਕ ਹੀ ਮੌਜੂਦ ਨਹੀਂ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲੱਗਭੱਗ 50 ਪਿੰਡਾਂ ਦੀਆਂ ਫਿਰਨੀਆਂ ਨੂੰ ਆਰਸੀਸੀ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ, ਖ਼ਾਸ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 17 ਖੇਡ ਮੈਦਾਨਾਂ ’ਤੇ ਕੰਮ ਚੱਲ ਰਿਹਾ ਹੈ ਅਤੇ 33 ਹੋਰ ਮੈਦਾਨ ਮਨਜ਼ੂਰ ਹੋ ਚੁੱਕੇ ਹਨ। ਹਰ ਮੈਦਾਨ ’ਤੇ ਘੱਟੋ-ਘੱਟ 40 ਤੋਂ 50 ਲੱਖ ਰੁਪਏ ਖਰਚ ਕੀਤੇ ਜਾਣਗੇ। ਬੈਂਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਦੀ ਵੀ ਗੱਲ ਕਰਦਿਆਂ ਕਿਹਾ ਕਿ ਪੁਲਿਸ, ਸਿੱਖਿਆ ਵਿਭਾਗ, ਮੀਡੀਆ, ਐਨਜੀਓਜ਼ ਅਤੇ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਨਸ਼ਿਆਂ ਨੂੰ ਜੜ ਤੋਂ ਖ਼ਤਮ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਚਾਈਨਾ ਡੋਰ ਵਿਰੁੱਧ ਸਖ਼ਤ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਮਿੰਟਾਂ ਦੇ ਮਨੋਰੰਜਨ ਲਈ ਕਿਸੇ ਦੀ ਕੀਮਤੀ ਜਾਨ ਖ਼ਤਰੇ ਵਿਚ ਨਾ ਪਾਈ ਜਾਵੇ। ਉਨ੍ਹਾਂ ਕਿਹਾ ਕਿ ਹਲਕੇ ਵਿਚ ਹੋ ਰਹੇ ਵਿਕਾਸ ਕਾਰਜ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਦਿਖਾਈ ਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਦੂਰ ਦੂਰਾਂਡੇ ਦੇ ਪਿੰਡ ਇਸ ਹਲਕੇ ਵਿਚ ਅਜਿਹੇ ਸਨ, ਜਿੱਥੇ ਹਿਮਾਚਲ ਪ੍ਰਦੇਸ਼ ਰਾਹੀ ਹੀ ਦਾਖਲਾ ਸੰਭਵ ਸੀ, ਉਨ੍ਹਾਂ ਪਿੰਡਾਂ ਵਿਚ ਵੀ ਸਾਰੀਆਂ ਬੁਨਿਆਦੀ ਸਹੂਲਤਾ ਪਹੁੰਚਾ ਰਹੇ ਹਾਂ। ਇਸ ਮੌਕੇ ਰੋਹਿਤ ਕਾਲੀਆ, ਰਾਮਪਾਲ ਕਾਹੀਵਾਲ, ਕੈਪਟਨ ਗੁਰਨਾਮ ਸਿੰਘ, ਦਿਲਬਾਗ ਰਾਏਪੁਰ, ਇੰਦਰਪਾਲ ਬੱਢਲ, ਕਮਾਲ ਚੰਦ, ਦਲੇਰ ਸਿੰਘ ਸਰਪੰਚ, ਦਵਿੰਦਰ ਸਿੰਘ ਸਰਪੰਚ, ਸੁੱਖਦੇਵ ਸਿੰਘ, ਗੁਰਚਰਨ ਸਿੰਘ, ਕਰਨ ਚੰਦਪੁਰ, ਸਰਪੰਚ ਜਰਨੈਲ ਸਿੰਘ ਮੀਢਵਾ ਲੋਵਰ, ਨਿਰਜਨ ਸਿੰਘ ਬੈਂਸ, ਦੀਆ ਸਿੰਘ,ਅਭਿਜੀਤ ਸਿੰਘ ਗਲਕਸੀ, ਜਿੰਮੀ ਡਾਡੀ , ਗੁਰਨਾਮ ਰਾਣਾ, ਸੋਨੀ ਚੋਧਰੀ, ਰਾਮ ਲਾਲ, ਜਿਸ ਜਸਵਿੰਦਰ ਸਿੰਘ, ਕਰਤਾਰ ਸਿੰਘ, ਗੋਲਡੀ, ਐਡਵੋਕੇਟ ਨਿਸ਼ਾਂਤ ਗੁਪਤਾ , ਅਮਰੀਕ ਫੌਜੀ ਢੇਰ, ਰਮੇਸ਼, ਗੁਰਚਰਨ ਸਿੰਘ ਸੁੱਚਾ ਬਰੂਵਾਲ,ਅੰਕੁਸ਼, ਨਿਤਿਨ ਬਾਸੋਵਾਲ, ਦਲਜੀਤ ਸਿੰਘ, ਰਾਮ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਵਪਾਰ ਮੰਡਲ, ਸਾਹਿਲ ਪੁਰੀ, ਨਿਖਿਲ, ਸਰਪੰਚ ਬਲਵਿੰਦਰ ਸਿੰਘ, ਸੰਤੋਖ ਰਾਣਾ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।