ਬੈਠਕ ’ਚ ਪਾਵਰਕਾਮ ਕਾਮਿਆਂ ਨੂੰ ਹੜਤਾਲ ਲਈ ਕਮਰ ਕੱਸਣ ਦਾ ਸੱਦਾ
ਸਿੰਘਪੁਰ ਵਿਖੇ ਟੀ.ਐੱਸ.ਯੂ. ’ਤੇ ਫੈੱਡਰੇਸ਼ਨ ਏਟਕ ਦੀ ਬੈਠਕ ’ਚ ਪਾਵਰਕਾਮ ਕਾਮਿਆਂ ਨੂੰ ਹੜਤਾਲ ਲਈ ਕਮਰ ਕੱਸਣ ਦਾ ਸੱਦਾ
Publish Date: Tue, 10 Feb 2026 05:07 PM (IST)
Updated Date: Tue, 10 Feb 2026 05:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰਬੇਦੀ : ਫੈਡਰੇਸ਼ਨ ਏਟਕ ਅਤੇ ਟੈਕਨੀਕਲ ਸਰਵਿਸ ਯੂਨੀਅਨ ਰਜਿਸਟਰੇਸ਼ਨ ਨੰਬਰ 49 ਦੀ ਨੂਰਪੁਰਬੇਦੀ ਇਕਾਈ ਦੀ ਬੈਠਕ ਪਾਵਰਕਾਮ ਦਫ਼ਤਰ ਸਿੰਘਪੁਰ ਵਿਖੇ ਪ੍ਰਧਾਨ ਬਲਦੇਵ ਸਿੰਘ ਲਾਲਪੁਰ, ਸਕੱਤਰ ਤਲਵਿੰਦਰ ਸਿੰਘ ਅਤੇ ਫੈੱਡਰੇਸ਼ਨ ਏਟਕ ਦੇ ਆਗੂ ਜੂਨੀਅਰ ਇੰਜੀਨੀਅਰ ਜਗਤਾਰ ਕੁਮਾਰ ਦੀ ਅਗਵਾਈ ਹੇਠ ਹੋਈ। ਬੈਠਕ ’ਚ 12 ਫਰਵਰੀ ਨੂੰ ਐਲਾਨੀ ਗਈ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਬਿਜਲੀ ਮੁਲਾਜ਼ਮਾਂ ਨੂੰ ਕਮਰ ਕੱਸਣ ਦਾ ਸੱਦਾ ਦਿੱਤਾ ਗਿਆ। ਬੈਠਕ ਦੌਰਾਨ ਪ੍ਰਧਾਨ ਬਲਦੇਵ ਸਿੰਘ ਲਾਲਪੁਰ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਪ੍ਰਬੰਧਨ ਵੱਲੋਂ ਅਣਦੇਖੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਤਨਖ਼ਾਹਾਂ, ਤਰੱਕੀਆਂ, ਬਕਾਇਆ, ਸੁਰੱਖਿਆ ਉਪਕਰਨਾਂ ਦੀ ਕਮੀ, ਕੰਮ ਦਾ ਵਧਦਾ ਬੋਝ ਅਤੇ ਸੇਵਾ ਸ਼ਰਤਾਂ ਨਾਲ ਜੁੜੇ ਮਸਲਿਆਂ ’ਤੇ ਪ੍ਰਬੰਧਨ ਦੀ ਟਾਲਮਟੋਲ ਨੀਤੀ ਦੇ ਖ਼ਿਲਾਫ਼ 12 ਫਰਵਰੀ ਦੀ ਹੜਤਾਲ ਅਟੱਲ ਹੈ। ਸਕੱਤਰ ਤਲਵਿੰਦਰ ਸਿੰਘ ਨੇ ਕਿਹਾ ਕਿ ਇਹ ਹੜਤਾਲ ਕਿਸੇ ਇਕ ਵਰਗ ਦੀ ਨਹੀਂ, ਸਗੋਂ ਪੂਰੇ ਬਿਜਲੀ ਮੁਲਾਜ਼ਮ ਵਰਗ ਦੀ ਆਵਾਜ਼ ਹੈ। ਫੈੱਡਰੇਸ਼ਨ ਏਟਕ ਦ ਜੇ.ਈ. ਜਗਤਾਰ ਕੁਮਾਰ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਤਕਨੀਕੀ ਕਰਮਚਾਰੀ ਰੋਜ਼ਾਨਾ ਖ਼ਤਰੇ ਭਰੇ ਹਾਲਾਤਾਂ ’ਚ ਕੰਮ ਕਰਦੇ ਹਨ, ਪਰ ਉਨ੍ਹਾਂ ਦੀਆਂ ਬੁਨਿਆਦੀ ਮੰਗਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਜੇ.ਈ. ਅਜਮੇਰ ਸਿੰਘ ਨੇ ਕਿਹਾ ਕਿ ਹੜਤਾਲ ਨੂੰ ਸਫ਼ਲ ਬਣਾਉਣ ਲਈ ਮੈਦਾਨੀ ਪੱਧਰ ’ਤੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਬੈਠਕ ’ਚ ਮੀਤ ਪ੍ਰਧਾਨ ਰਮਨ ਕੁਮਾਰ, ਕੈਸ਼ੀਅਰ ਜਸਬੀਰ ਸਿੰਘ, ਜੁਆਇੰਟ ਸਕੱਤਰ ਕੁਲਬੀਰ ਕੁਮਾਰ ਤੇ ਸਰਕਲ ਸਕੱਤਰ ਗੁਰਮੁਖ ਸਿੰਘ ਝੱਜ ਸਮੇਤ ਹੋਰ ਆਗੂ ਹਾਜ਼ਰ ਸਨ।