ਸਕੂਲ ਅੱਗੇ ਖੜ੍ਹਦੇ ਪਾਣੀ ਕਾਰਨ ਰਾਹਗੀਰ ਅਤੇ ਸਕੂਲੀ ਬੱਚੇ ਪਰੇਸ਼ਾਨ
ਸਕੂਲ ਅੱਗੇ ਖੜਦੇ ਪਾਣੀ ਕਾਰਨ ਰਾਹਗੀਰ ਅਤੇ ਸਕੂਲੀ ਬੱਚੇ ਪਰੇਸ਼ਾਨ
Publish Date: Wed, 08 Apr 2026 05:32 PM (IST)
Updated Date: Thu, 09 Apr 2026 04:03 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਸਕੂਲ ਆਫ ਐਮੀਨੈਂਸ ਨੂੰ ਜਾਂਦੇ ਰਸਤੇ ਵਿੱਚ ਖੜੇ ਬਾਰਿਸ਼ ਦੇ ਪਾਣੀ ਕਾਰਨ ਆਉਣ ਜਾਣ ਵਾਲੇ ਰਾਹਗੀਰ ਅਤੇ ਸਕੂਲੀ ਬੱਚੇ ਪਰੇਸ਼ਾਨ ਹੋ ਰਹੇ ਹਨ। ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ ਥੋੜੀ ਜਿਹੀ ਬਾਰਿਸ਼ ਪੈਣ ਨਾਲ ਇਸ ਜਗ੍ਹਾ ਤੇ ਪਾਣੀ ਖੜ ਜਾਂਦਾ ਹੈ ਜਿਸ ਨਾਲ ਰੋਜਾਨਾ ਸਕੂਲ ਜਾਣ ਵਾਲੇ ਬੱਚੇ ਅਤੇ ਬਾਜ਼ਾਰ ਖਰੀਦਦਾਰੀ ਕਰਨ ਵਾਲੇ ਰਾਹਗੀਰ ਪਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਨਜ਼ਦੀਕ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਇਸ ਜਗ੍ਹਾ ਤੇ ਖੁੱਲਾ ਰਸਤਾ ਹੁੰਦਾ ਸੀ ਤੇ ਪੁਲੀ ਦੇ ਨਜ਼ਦੀਕ ਦੋ ਖੋਖੇ ਹੁੰਦੇ ਸਨ ਪਰ ਉਹਨਾਂ ਨੂੰ ਦੇਖ ਕੇ ਲੋਕਾਂ ਵੱਲੋਂ ਖੋਖਾ ਮਾਰਕੀਟ ਬਣਾ ਦਿੱਤੀ ਗਈ ਹੈ ਅਤੇ ਰਾਸਤਾ ਤੰਗ ਕਰ ਦਿੱਤਾ ਗਿਆ ਹੈ। ਸਮਾਂ ਰਹਿੰਦੇ ਨਗਰ ਪੰਚਾਇਤ ਅਤੇ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਤੇ ਬਣਾਈ ਜਾ ਰਹੀ ਖੋਖਾ ਮਾਰਕੀਟ ਨੂੰ ਨਹੀਂ ਰੋਕਿਆ ਗਿਆ। ਉਹਨਾਂ ਦੱਸਿਆ ਕਿ ਇਸ ਜਗ੍ਹਾਂ ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਨਾਲ ਜਦੋਂ ਬਾਰਿਸ਼ ਪੈਂਦੀ ਹੈ ਤਾਂ ਇਥੇ ਪਾਣੀ ਜਮਾ ਹੋ ਜਾਂਦਾ ਹੈ ਜੋ ਕਈ ਕਈ ਦਿਨ ਨਹੀਂ ਸੁਕਦਾ। ਇਸ ਖੜੇ ਪਾਣੀ ਦਾ ਜਿਆਦਾ ਨੁਕਸਾਨ ਰੋਜ਼ਾਨਾ ਸਕੂਲੀ ਬੱਚਿਆਂ ਨੂੰ ਹੁੰਦਾ ਹੈ, ਜਿਨਾਂ ਦੀਆਂ ਵਰਦੀਆਂ ਅਤੇ ਬੂਟ ਇਸ ਗੰਦੇ ਪਾਣੀ ਨਾਲ ਖਰਾਬ ਹੋ ਜਾਂਦੇ ਹਨ। ਦੱਸਣਾਂ ਬਣਦਾ ਹੈ ਕਿ ਇਸ ਦੇ ਨਾਲ ਹੀ ਬਾਰਿਸ਼ ਦੇ ਪਾਣੀ ਲਈ ਨਾਲਾ ਵੀ ਹੈ, ਪਰ ਇਹ ਰਸਤਾ ਥੋੜਾ ਨੀਵਾਂ ਹੈ ਅਤੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਸਥਾਨਕ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਕੂਲੀ ਬੱਚਿਆਂ ਅਤੇ ਰਾਹਗੀਰਾਂ ਨੂੰ ਆਉਣ ਜਾਣ ਦੀ ਦਿੱਕਤ ਨਾ ਹੋਵੇ। ਇਸ ਸਬੰਧੀ ਜਦੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰ ਪਾਲ ਕੌੜਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਲਗਾਏ ਗਏ ਪਾਈਪਾਂ ਵਿੱਚ ਮਿੱਟੀ ਫਸ ਗਈ ਸੀ ਜਿਸ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ ਸੀ ਪਰ ਉਹਨਾਂ ਵੱਲੋਂ ਕਰਮਚਾਰੀਆਂ ਨੂੰ ਲਗਾ ਕੇ ਪਾਈਪਾਂ ਦੀ ਮਿੱਟੀ ਹਟਾ ਦਿੱਤੀ ਹੈ ਅਤੇ ਪਾਣੀ ਦੀ ਨਿਕਾਸੀ ਹੋਣ ਲੱਗ ਪਈ ਹੈ।