ਖੜੇ ਟਰੱਕ ਪਿੱਛੇ ਵੱਜੀ ਕਾਰ, ਇੱਕ ਦੀ ਮੌਤ, ਦੋ ਜ਼ਖਮੀ
ਬੇਕਾਬੂ ਬੱਸ ਖੜੇ ਟਰੱਕ ਦੇ ਪਿੱਛੇ ਜਾ ਟਕਰਾਈ, ਇੱਕ ਵਿਅਕਤੀ ਦੀ ਮੌਕੇ ’ਤੇ ਮੌਤ ਦੋ ਜ਼ਖਮੀ
Publish Date: Sat, 07 Mar 2026 03:56 PM (IST)
Updated Date: Sat, 07 Mar 2026 04:00 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 205 ’ਤੇ ਪਿੰਡ ਦੇਹਣੀ ਨਜਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਨੰਬਰ ਬੇਕਾਬੂ ਪ੍ਰਾਈਵੇਟ ਬੈਲਵੋ ਬੱਸ ਸਾਈਡ ’ਤੇ ਖੜੇ ਟਰੱਕ ਦੇ ਪਿੱਛੇ ਜਾ ਟਕਰਾਈ ਜਿਸ ਨਾਲ ਪੈਦਲ ਜਾ ਰਹੇ ਇੱਕ ਹੋਰ ਟਰੱਕ ਡਰਾਈਵਰ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਕਾਰਨ ਉਕਤ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀ ਜਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਾਈਵੇਟ ਬੱਸ ਨੰਬਰ ਐਚ ਆਰ 63 ਡੀ 0082 ਜੋ ਕਿ ਮਨਾਲੀ ਤੋਂ ਹਰਿਆਣਾ ਜਾ ਰਹੀ ਸੀ ਰਾਤ ਸਮੇਂ ਬਰੇਕ ਫੇਲ ਹੋ ਜਾਣ ਕਾਰਨ ਗਰਾਂ ਮੌੜਾ ਟੋਲ ਪਲਾਜ਼ਾ ਨਜ਼ਦੀਕ ਸੜਕ ਵਿਚਕਾਰ ਖੜੀ ਸੀ ਅਤੇ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਇਸ ਨੂੰ ਹਾਈਡਰੇ ਦੀ ਮਦਦ ਨਾਲ ਸਾਈਡ ’ਤੇ ਕੀਤਾ ਸੀ, ਸਵੇਰੇ ਕੁਝ ਮੁਰੰਮਤ ਕਰਵਾਉਣ ਤੋਂ ਬਾਅਦ ਜਦੋਂ ਡਰਾਈਵਰ ਇਸ ਬੱਸ ਨੂੰ ਲੈ ਕੇ ਚੱਲਿਆ ਤਾਂ ਉਤਰਾਈ ਹੋਣ ਕਾਰਨ ਬੱਸ ਨੇ ਸਪੀਡ ਪਕੜ ਲਈ ’ਤੇ ਪਿੰਡ ਦੇਹਣੀ ਨਜਦੀਕ ਸਾਈਡ ’ਤੇ ਖੜੇ ਟਰੱਕ ਨੰਬਰ ਐਚ ਪੀ 24 ਡੀ 5147 ਦੇ ਪਿੱਛੇ ਜਾ ਟਕਰਾਈ ਇਹ ਟੱਕਰ ਇੰਨੀ ਭਿਆਨਕ ਸੀ ਕੀ ਟਰੱਕ ਪਲਟਿਆ ਖਾ ਕੇ ਕਰੀਬ ਸੋ ਫੁੱਟ ਅੱਗੇ ਜਾ ਕੇ ਇੱਕ ਖਾਈ ਵਿਚ ਪਲਟ ਗਿਆ ਅਤੇ ਬੱਸ ਡਵਾਈਡਰ ਪਾਰ ਕਰਕੇ ਸੜਕ ਦੇ ਦੂਜੇ ਪਾਸੇ ਸੜਕ ਵਿਚਕਾਰ ਪਲਟ ਗਈ। ਇਸ ਹਾਦਸੇ ਵਿਚ ਬੱਸ ਨੇ ਪੈਦਲ ਜਾ ਰਹੇ ਇੱਕ ਹੋਰ ਟਰੱਕ ਡਰਾਈਵਰ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਹਾਦਸੇ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਵਿਚ ਮਾਰੇ ਗਏ ਨੌਜਵਾਨ ਕੋਲੋਂ ਮਿਲੇ ਆਧਾਰ ਕਾਰਡ ਅਨੁਸਾਰ ਹਾਦਸੇ ਵਿਚ ਮਰਨ ਵਾਲੇ ਨੌਜਵਾਨ ਡਰਾਈਵਰ ਦਾ ਨਾਮ ਵਿਕਾਸ ਕੋਂਡਲ ਉਮਰ 36 ਸਾਲ ਪੁੱਤਰ ਬਲੀ ਰਾਮ ਵਾਸੀ ਪਿੰਡ ਨਲਵਾੜ ਡਾਕਖਾਨਾ ਜੁਖਾਲਾ ਤਹਿਸੀਲ ਸਦਰ ਜਿਲ੍ਹਾਂ ਬਿਲਾਸਪੁਰ ਹਿਮਾਚਲ ਪ੍ਰਦੇਸ਼ ਹੈ ਜੋ ਕਿ ਆਪਣਾ ਟਰੱਕ ਖਾਲੀ ਕਰਨ ਤੋਂ ਬਾਅਦ ਪੈਦਲ ਜਾ ਰਿਹਾ ਸੀ। ਗਣੀਮਤ ਇਹ ਰਹੀ ਕਿ ਹਾਦਸਾ ਵਾਪਰਨ ਸਮੇਂ ਬੱਸ ਵਿਚ ਹੋਰ ਯਾਤਰੂ ਮੌਜੂਦ ਨਹੀਂ ਸਨ। ਹਾਦਸਾ ਵਾਪਰਨ ਕਾਰਨ ਸੜਕ ਦੇ ਇੱਕ ਪਾਸੇ ਭਾਰੀ ਜਾਮ ਲੱਗ ਗਿਆ। ਹਾਦਸਾ ਵਾਪਰਨ ਸਮੇਂ ਮੌਕੇ ’ਤੇ ਦੇਖਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਬਸ ਬਹੁਤ ਤੇਜ਼ੀ ਨਾਲ ਆ ਰਹੀ ਸੀ ਅਤੇ ਮੋੜ ’ਤੇ ਬਸ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਸਾਈਡ ’ਤੇ ਖੜੇ ਟਰੱਕ ਦੇ ਪਿੱਛੇ ਬਹੁਤ ਜ਼ੋਰ ਨਾਲ ਟਕਰਾਈ। ਹਾਦਸਾ ਵਾਪਰਨ ਦਾ ਪਤਾ ਚੱਲਣ ’ਤੇ ਟੋਲ ਪਲਾਜ਼ਾ ਕਰਮਚਾਰੀ ਅਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ, ਜਿਨਾਂ ਨੇ ਐਂਬੂਲੈਂਸ ਰਾਹੀਂ ਜਖਮੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਪਹੁੰਚਾਇਆ ਅਤੇ ਹਾਦਸੇ ਵਿੱਚ ਮਰਨ ਵਾਲੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮੋਰਚਰੀ ਭੇਜ ਦਿੱਤਾ ਗਿਆ। ਹਾਦਸਾ ਗ੍ਰਸਤ ਟਰੱਕ ਦਾ ਡਰਾਈਵਰ ਠੀਕ ਦੱਸਿਆ ਜਾ ਰਿਹਾ ਜੋ ਕਿ ਮਾਲਕ ਵੀ ਹੈ ’ਤੇ ਆਪਣੀ ਗੱਡੀ ਆਪ ਚਲਾਉਂਦਾ ਹੈ। ਇਸ ਹਾਦਸੇ ਵਿਚ ਟਰੱਕ ਦੇ ਪੜਖਚੇ ਉੜ ਗਏ ਅਤੇ ਟਰੱਕ ਦਾ ਭਾਰੀ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਤੁਰੰਤ ਮੌਕੇ ’ਤੇ ਹਾਈਡਰੇ ਮਸ਼ੀਨਾਂ ਮੰਗਵਾ ਕੇ ਪਾਸ ਨੂੰ ਸੜਕ ਦੇ ਵਿਚਕਾਰੋਂ ਇੱਕ ਪਾਸੇ ਕਰਵਾਇਆ ਅਤੇ ਸੜਕੀ ਆਵਾਜਾਈ ਬਹਾਲ ਕੀਤੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਵਾਹਨ ਚਾਲਕਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।