ਕੂੜੇ ਦੀ ਸਾਂਭ-ਸੰਭਾਲ ਸਬੰਧੀ ਇਕ ਰੋਜ਼ਾ ਟ੍ਰੇਨਿੰਗ ਕੈਂਪ ਲਗਾਇਆ
ਨਗਰ ਕੌਸਲ ਨੰਗਲ ਦੇ ਸਫ਼ਾਈ ਕਰਮਚਾਰੀਆਂ ਨੂੰ ਦਿਤੀ ਇੱਕ ਦਿਨਾਂ ਟ੍ਰੇਨਿੰਗ
Publish Date: Thu, 29 Jan 2026 06:00 PM (IST)
Updated Date: Fri, 30 Jan 2026 04:08 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਨਗਰ ਕੌਸਲ ਨੰਗਲ ਦੇ ਕਮਿਊਨਿਟੀ ਸੈਂਟਰ ਇੰਦਰਾ ਨਗਰ ਵਿਖੇ ਕੂੜੇ ਦੀ ਸਾਂਭ ਸੰਭਾਲ ਸਬੰਧੀ ਇੱਕ ਰੋਜਾ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ ਵਿਚ ਸਫ਼ਾਈ ਕਰਚਮਾਰੀਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਆਦਿਤਿਆ ਸਹਾਇਕ ਵਾਤਾਵਰਣ ਇੰਜੀਨੀਅਰ ਵਲੋਂ ਦੱਸਿਆ ਗਿਆ ਕਿ ਸਿੰਗਲ ਯੂਜ ਪਲਾਸਟਿਕ ਜਿਵੇਂ ਸਜਾਵਟ ਦੇ ਲਈ ਵਰਤੇ ਜਾਣ ਵਾਲੇ ਪੋਲੀਸਟੀਰੀਨ (ਥਰਮਾਕੋਲ) ਤੋਂ ਬਣੇ ਹੋਏ ਪਲੇਟ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਸਟਰੇਆਂ ਜਾਂ ਮਠਿਆਈਆਂ ਦੇ ਡੱਬਿਆਂ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਵਾਲੀਆਂ ਫਿਲਮਾਂ, ਸੱਦਾ ਪੱਤਰ, ਪਲਾਸਟਿਕ ਦੇ ਬਰਤਨ, ਬੋਤਲਾਂ ਨੂੰ ਸਾੜਨ ਨਾਲ ਜਹਿਰੀਲੇ ਪਦਾਰਥ ਧੁੰਏ ਦੇ ਰੂਪ ਵਿਚ ਵਾਤਾਵਰਣ ਵਿਚ ਘੁਲ ਜਾਂਦੇ ਹਨ ਅਤੇ ਧੁੰਏ ਦੇ ਰੂਪ ਵਿਚ ਸਾਡੇ ਸ਼ਰੀਰ ਵਿਚ ਦਾਖਲ ਹੁੰਦੇ ਹਨ। ਜਿਸ ਕਾਰਨ ਹਾਰਮੋਨਸ ਅਸੰਤੁਲਿਤ, ਕੈਂਸਰ, ਬਾਂਝਪਨ, ਤੰਤੂ ਸਬੰਧੀ ਬਿਮਾਰੀਆਂ ਹੁੰਦੀਆਂ ਹਨ। ਇਸ ਮੌਕੇ ਸਫਾਈ ਕਰਮਚਾਰੀਆਂ ਨੂੰ ਖਾਸ ਕਰਕੇ ਸਿੰਗਲ ਯੂਜ ਪਲਾਸਟਿਕ ਵਾਲੇ ਕੂੜੇ ਨੂੰ ਸਾੜਨ ਤੋਂ ਸਖਤ ਮਨਾਂ ਕੀਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਕੂੜੇ ਤੋਂ ਬਹੁਤ ਹੀ ਖਤਰਨਾਕ ਰਸਾਇਣਿਕ ਧੂੰਆਂ ਨਿਕਲਦਾ ਹੈ । ਜੋ ਕਿ ਇਨਸਾਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦਾ ਹੈ। ਸਾਡਾ ਫਰਜ ਬਣਦਾ ਹੈ ਕਿ ਅਸੀਂ ਲੋਕ ਇਨ੍ਹਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅੱਲਗ-ਅਲੱਗ ਰੱਖਣ ਲਈ ਪ੍ਰੇਰਿਤ ਕਰੀਏ ਤਾਂ ਕਿ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਸਕੇ ਅਤੇ ਸੁੱਕੇ ਕੂੜੇ ਨੂੰ ਰੀਸਾਈਕਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਘਰਾਂ ਨੂੰ ਆਪਣੇ ਮੁਹੱਲੇ ਨੂੰ ਸ਼ਹਿਰ ਨੂੰ ਅਤੇ ਆਪਣੇ ਜਿਲ੍ਹੇ ਨੂੰ ਆਪਣੇ ਰਾਜ ਨੂੰ ਸਾਫ਼ ਸੁਥਰਾ ਰੱਖ ਸਕੀਏ। ਉਨ੍ਹਾਂ ਨੇ ਕਿਹਾ ਕਿ ਕੂੜੇ ਨੂੰ ਸਾੜਨ ਨਾਲ ਕੋਈ ਹੱਲ ਨਹੀਂ ਹੁੰਦਾ ਅਤੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਜੋ ਕਿ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਤੋਂ ਇਲਾਵਾ ਆਈ ਹੋਈ ਟੀਮ ਵਲੋਂ ਸਫਾਈ ਅਤੇ ਸਮੂਹ ਮੁਲਾਜਮਾਂ ਨੂੰ ਇੱਕ ਸਹੁੰ ਚੁਕਾਈ ਗਈ ਕਿ ਸ਼ਹਿਰ ਦੇ ਕੂੜੇ ਨੂੰ ਚੁੱਕਦੇ ਹੋਏ ਗਿੱਲਾ ਅਤੇ ਸੁੱਕਾ ਕੂੜੇ ਨੂੰ ਅਲੱਗ ਅਲੱਗ ਕਰਕੇ ਚੁੱਕਾਂਗਾ। ਕਿਸੇ ਵੀ ਤਰ੍ਹਾਂ ਦੇ ਕੂੜੇ ਨੂੰ ਅੱਗ ਨਹੀਂ ਲਾਵਾਗਾਂ। ਹਵਾ ਦੀ ਸ਼ੁੱਧਤਾ ਨੂੰ ਸਾਫ ਰੱਖਣ ਲਈ ਬਚਨਬੰਦ ਰਹਾਂਗਾ, ਵਾਤਾਵਰਣ ਦੀ ਸਫਾਈ ਸੰਭਾਲ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾਂ। ਇਸ ਮੌਕੇ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਅਦਿੱਤਿਆ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਅਰ ਅਤੇ ਤਾਨੀਆ ਸਹਾਇਕ ਵਾਤਾਵਰਣ ਇੰਜੀਨੀਅਅਰ, ਦਿਨੇਸ਼ ਕੁਮਾਰ ਫੀਲਡ ਅਸਿਸਟੈਂਟ, ਮੁਕੇਸ਼ ਕੁਮਾਰ ਸ਼ਰਮਾ ਸੁਪਰਡੈਂਟ, ਮਲਕੀਤ ਸਿੰਘ ਸੈਨਟਰੀ ਇੰਸਪੈਕਟਰ, ਜਸਵਿੰਦਰ ਸਿੰਘ ਸੈਨਟਰੀ ਇੰਸਪੈਕਟਰ, ਪੂਨਮ ਬੇਗੜਾ ਸੀ.ਐੱਫ., ਸ਼ਾਲਿਨੀ ਮੋਟੀਵੇਟਰ, ਦੀਪਕ ਕੁਮਾਰ ਕਲਰਕ ਤੇ ਸਮੂਹ ਸਫਾਈ ਸੇਵਕ, ਸਫ਼ਾਈ ਮੇਟ ਆਦਿ ਹਾਜ਼ਰ ਸਨ।