ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨੂਰਪੁਰਬੇਦੀ ਇਲਾਕੇ ‘ਚ ਬੋਟਿੰਗ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਵਿਧਾਇਕ ਚੱਢਾ ਦੀ ਮੰਗ ’ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨੂਰਪੁਰਬੇਦੀ ਇਲਾਕੇ ‘ਚ ਬੋਟਿੰਗ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
Publish Date: Mon, 09 Mar 2026 05:50 PM (IST)
Updated Date: Mon, 09 Mar 2026 05:54 PM (IST)

ਹਲਕਾ ਰੂਪਨਗਰ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਲਈ ਸਰਕਾਰ ਵਚਨਬੱਧ : ਗੋਇਲ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੰਜਾਬ ਸਰਕਾਰ ਵੱਲੋਂ ਰਾਜ ਵਿਚ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਪੁਰਜ਼ੋਰ ਮੰਗ ’ਤੇ ਨੂਰਪੁਰਬੇਦੀ ਇਲਾਕੇ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਜਲ ਸਰੋਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨੂਰਪੁਰਬੇਦੀ ਦੇ ਨੇੜਲੇ ਪਿੰਡ ਸ਼ਾਹਪੁਰ ਬੇਲਾ ਵਿਖੇ ਸਤਲੁਜ ਦਰਿਆ ਵਿਚ ਬੋਟਿੰਗ ਕੇਂਦਰ ’ਤੇ ਜਿੱਥੇ ਡੰਗੇ ਲਗਾਏ ਗਏ ਹਨ, ਉੱਥੇ ਵਿਸ਼ੇਸ਼ ਸੈਰਗਾਹ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਐਲਾਨ ਉਨ੍ਹਾਂ ਨੇ ਬੀਤੇ ਦਿਨ ਨੂਰਪੁਰਬੇਦੀ ਦੌਰੇ ਦੌਰਾਨ ਇੱਕ ਸਮਾਗਮ ਵਿਚ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨੂਰਪੁਰਬੇਦੀ ਇਲਾਕਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਅਤੇ ਇੱਥੋਂ ਸਤਲੁਜ ਦਰਿਆ ਦਾ ਵਹਿਣਾ ਇਸ ਇਲਾਕੇ ਦੀ ਵਿਸ਼ੇਸ਼ ਪਛਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਾਹਪੁਰ ਬੇਲਾ ਵਿਖੇ ਸਤਲੁਜ ਦਰਿਆ ਵਿਚ ਬੋਟਿੰਗ ਸੈਂਟਰ ਸ਼ੁਰੂ ਕੀਤਾ ਜਾਵੇ ਤਾਂ ਇਸ ਨਾਲ ਇਲਾਕੇ ਵਿਚ ਸੈਲਾਨੀਆਂ ਦੀ ਆਮਦ ਵਿਚ ਵੱਡਾ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਰਿਆ ਦੇ ਆਲੇ ਦੁਆਲੇ ਇੱਕ ਸੁੰਦਰ ਅਤੇ ਆਧੁਨਿਕ ਸੈਰਗਾਹ ਵਿਕਸਿਤ ਕਰਨ ਦੀ ਵੀ ਮੰਗ ਰੱਖੀ, ਤਾਂ ਜੋ ਇਲਾਕਾ ਟੂਰਿਜ਼ਮ ਦੇ ਨਕਸ਼ੇ ‘ਤੇ ਉਭਰ ਸਕੇ। ਵਿਧਾਇਕ ਦੀ ਇਸ ਮੰਗ ‘ਤੇ ਗੌਰ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਟੂਰਿਜ਼ਮ ਦੇ ਵਿਕਾਸ ਲਈ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਨੂਰਪੁਰਬੇਦੀ ਅਤੇ ਇਸਦੇ ਆਲੇ ਦੁਆਲੇ ਦਾ ਇਲਾਕਾ ਕੁਦਰਤੀ ਧਰਾਤਲ, ਹਰੀਭਰੀ ਵਾਤਾਵਰਣੀ ਸੁੰਦਰਤਾ ਅਤੇ ਸਤਲੁਜ ਦਰਿਆ ਦੀ ਮੌਜੂਦਗੀ ਕਾਰਨ ਸੈਲਾਨੀਆਂ ਲਈ ਵੱਡਾ ਆਕਰਸ਼ਣ ਬਣ ਸਕਦਾ ਹੈ। ਇਸ ਸੰਭਾਵਨਾ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇੱਥੇ ਟੂਰਿਜ਼ਮ ਸੰਬੰਧੀ ਢਾਂਚਾ ਤਿਆਰ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇਗਾ। ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਸ਼ਾਹਪੁਰ ਬੇਲਾ ਵਿਖੇ ਬੋਟਿੰਗ ਕੇਂਦਰ ਦੀ ਸਥਾਪਨਾ ਨਾਲ ਨਾ ਕੇਵਲ ਸੈਰ-ਸਪਾਟੇ ਨੂੰ ਬੜਾਵਾ ਮਿਲੇਗਾ, ਸਗੋਂ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਕੁਦਰਤੀ ਅਤੇ ਇਤਿਹਾਸਕ ਸਥਾਨਾਂ ਨੂੰ ਟੂਰਿਜ਼ਮ ਨਾਲ ਜੋੜ ਕੇ ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕਾ ਰੂਪਨਗਰ ਨੂੰ ਟੂਰਿਜ਼ਮ ਦੇ ਖੇਤਰ ਵਿਚ ਵੱਡੇ ਪੱਧਰ ‘ਤੇ ਵਿਕਸਿਤ ਕੀਤਾ ਜਾਵੇਗਾ। ਇਸ ਤਹਿਤ ਸਤਲੁਜ ਦਰਿਆ ਦੇ ਕੰਢੇ ਕੁਦਰਤ ਨਾਲ ਜੁੜੀਆਂ ਵਿਸ਼ੇਸ਼ ਸੈਰਗਾਹਾਂ, ਬੁਨਿਆਦੀ ਢਾਂਚੇ ਅਤੇ ਸੈਲਾਨੀਆਂ ਲਈ ਸੁਵਿਧਾਵਾਂ ਮੁਹੱਈਆ ਕਰਵਾਉਣ ‘ਤੇ ਵੀ ਕੰਮ ਕੀਤਾ ਜਾਵੇਗਾ। ਕੈਬਨਿਟ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਸਮਾਗਮ ਵਿਚ ਮੌਜੂਦ ਲੋਕਾਂ ਨੇ ਜੋਰਦਾਰ ਤਾੜੀਆਂ ਨਾਲ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਇਸ ਨਾਲ ਨੂਰਪੁਰਬੇਦੀ ਇਲਾਕਾ ਟੂਰਿਜ਼ਮ ਦੇ ਖੇਤਰ ਵਿਚ ਨਵੀਂ ਪਛਾਣ ਬਣਾਵੇਗਾ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਸਬੰਧੀ ਕੈਬਨਿਟ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਸੋਮਵਾਰ ਨੂੰ ਟੈਂਡਰ ਲੱਗ ਚੁੱਕਾ ਹੈ ਅਤੇ ਜੂਨ ਜੁਲਾਈ ਮਹੀਨੇ ਤੱਕ ਇੱਥੇ ਬੋਟਿੰਗ ਸੈਂਟਰ ਸਥਾਪਿਤ ਹੋ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ਼ਰਾਜ ਸੈਣੀ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਸਰਪੰਚ ਅਵਤਾਰ ਸਿੰਘ ਕੂਨਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਮੋਹਬਤਰ ਵਿਅਕਤੀਆਂ ਹਾਜ਼ਰ ਸਨ।