ਸੰਸਦ ’ਚ ਰਾਹੁਲ ਗਾਂਧੀ ਨੂੰ ਸਮਾਂ ਨਾ ਦੇਣਾ ਲੋਕਤੰਤਰ ’ਤੇ ਹਮਲਾ : ਅਸ਼ਵਨੀ ਸ਼ਰਮਾ
ਸੰਸਦ ਚ ਰਾਹੁਲ ਗਾਂਧੀ ਨੇ ਬੋਲਣ ਦਾ ਸਮਾਂ ਨਾ ਦੇਣਾ ਲੋਕਤੰਤਰ ’ਤੇ ਸਿੱਧਾ ਹਮਲਾ: ਅਸ਼ਵਨੀ ਸ਼ਰਮਾ
Publish Date: Fri, 06 Feb 2026 04:01 PM (IST)
Updated Date: Fri, 06 Feb 2026 04:02 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਸੰਸਦ ਵਿੱਚ ਲੋਕ ਸਭਾ ਦੇ ਨੇਤਾ ਵਿਰੋਧੀ ਦਲ ਰਾਹੁਲ ਗਾਂਧੀ ਨੂੰ ਬੋਲਣ ਦਾ ਮੌਕਾ ਨਾ ਦੇਣਾ ਭਾਰਤੀ ਲੋਕਤੰਤਰ ਦੀ ਮੂਲ ਆਤਮਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜ਼ਿਲਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣਾ ਦਰਅਸਲ ਕਰੋੜਾਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਬਰਾਬਰ ਹੈ। ਉਨ੍ਹਾਂ ਆਖਿਆ ਕਿ ਸੰਸਦ ਚਰਚਾ ਲਈ ਹੁੰਦੀ ਹੈ, ਖਾਮੋਸ਼ੀ ਲਈ ਨਹੀਂ, ਪਰ ਅਫ਼ਸੋਸ ਕਿ ਸਰਕਾਰ ਵਿਰੋਧੀ ਸੁਰਾਂ ਤੋਂ ਡਰ ਕੇ ਸੰਸਦੀ ਮਰਿਆਦਾਵਾਂ ਨੂੰ ਹੀ ਪਿੱਛੇ ਧੱਕ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਉਠਾਏ ਜਾ ਰਹੇ ਮੁੱਦੇ ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਦੀ ਦੁਰਦਸ਼ਾ, ਸੰਵਿਧਾਨਕ ਸੰਸਥਾਵਾਂ ਦੀ ਖੁਦਮੁਖਤਿਆਰੀ ਸਰਕਾਰ ਲਈ ਅਸੁਖਾਵੇਂ ਹਨ। ਇਸੀ ਕਾਰਨ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇ ਕੇ ਲੋਕਤੰਤਰਕ ਚਰਚਾ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਦਲ ਦਾ ਨੇਤਾ ਸੰਸਦ ਵਿੱਚ ਬੋਲ ਨਹੀਂ ਸਕਦਾ ਤਾਂ ਫਿਰ ਆਮ ਨਾਗਰਿਕ ਦੀ ਸੁਣਵਾਈ ਕਿਵੇਂ ਹੋਵੇਗੀ? ਇਹ ਰਵੱਈਆ ਤਾਨਾਸ਼ਾਹੀ ਸੋਚ ਦਾ ਪ੍ਰਤੀਕ ਹੈ, ਜੋ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰਕ ਪਰੰਪਰਾਵਾਂ ਦੇ ਉਲਟ ਹੈ। ਜ਼ਿਲਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਸਰਕਾਰ ਸੱਚ ਤੋਂ ਭੱਜ ਰਹੀ ਹੈ ਅਤੇ ਇਸੇ ਲਈ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੇ ਹਥਕੰਡੇ ਅਪਣਾ ਰਹੀ ਹੈ। ਰਾਹੁਲ ਗਾਂਧੀ ਦੀ ਬੋਲਣ ਦੀ ਮੰਗ ਨਿੱਜੀ ਨਹੀਂ, ਸਗੋਂ ਦੇਸ਼ ਦੇ ਲੋਕਾਂ ਦੇ ਸਵਾਲ ਹਨ, ਜਿਨ੍ਹਾਂ ਤੋਂ ਸਰਕਾਰ ਡਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਦੀ ਰਾਖੀ ਲਈ ਹਰ ਮੰਚ ’ਤੇ ਲੜਾਈ ਜਾਰੀ ਰੱਖੇਗੀ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਉਸ ਬਿਆਨ ’ਤੇ ਟਿੱਪਣੀ ਕਰਦਿਆਂ, ਜਿਸ ਵਿੱਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਖੁਦ ਸੰਸਦ ਵਿੱਚ ਆਉਣ ਤੋਂ ਰੋਕਿਆ ਗਿਆ ਕਿਉਂਕਿ ਕਾਂਗਰਸੀ ਸੰਸਦਾਂ ਵੱਲੋਂ ਅਣਕਿਆਸੀ ਹਰਕਤ ਦਾ ਡਰ ਸੀ, ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਿਆਨ ਖੁਦ ਸੰਸਦੀ ਪ੍ਰਕਿਰਿਆ ’ਤੇ ਅਣਵਿਸ਼ਵਾਸ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਅਤੇ ਸਪੀਕਰ ਨੂੰ ਸੰਸਦ ਮੈਂਬਰਾਂ ਤੋਂ ਹੀ ਡਰ ਹੈ, ਤਾਂ ਫਿਰ ਸੰਸਦ ਦੀ ਮਰਿਆਦਾ ਅਤੇ ਲੋਕਤੰਤਰ ਦੀ ਸਥਿਤੀ ’ਤੇ ਗੰਭੀਰ ਚਿੰਤਾ ਜਾਇਜ਼ ਹੈ। ਅੰਤ ਵਿੱਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਸੰਸਦ ਵਿੱਚ ਚਰਚਾ, ਜਵਾਬਦੇਹੀ ਅਤੇ ਲੋਕਤੰਤਰਕ ਮਰਿਆਦਾਵਾਂ ਦੀ ਬਹਾਲੀ ਲਈ ਪੂਰੀ ਤਾਕਤ ਨਾਲ ਆਵਾਜ਼ ਉਠਾਉਂਦੀ ਰਹੇਗੀ।