ਨੂਰਪੁਰਬੇਦੀ ’ਚ ਦਿਨ ਵੇਲੇ ਛਾਇਆ ਘੁੱਪ ਹਨੇਰਾ, ਤੇਜ਼ ਹਨੇਰੀ ਨਾਲ ਜਨਜੀਵਨ ਪ੍ਰਭਾਵਿਤ
ਨੂਰਪੁਰਬੇਦੀ ਇਲਾਕੇ ਵਿਚ ਦਿਨ ਵੇਲੇ ਛਾਇਆ ਘੁੱਪ ਹਨੇਰਾ, ਤੇਜ਼ ਹਨੇਰੀ ’ਤੇ ਬੱਦਲਾਂ ਨਾਲ ਜਨ ਜੀਵਨ ਪ੍ਰਭਾਵਿਤ
Publish Date: Mon, 16 Mar 2026 05:05 PM (IST)
Updated Date: Mon, 16 Mar 2026 05:07 PM (IST)

ਬਾਰਿਸ਼ ਨਾਲ ਚੱਲੀ ਤੇਜ਼ ਹਨੇਰੀ ਕਰ ਸਕਦੀ ਹੈ ਫਸਲਾਂ ਦਾ ਵੱਡਾ ਨੁਕਸਾਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰਬੇਦੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਅੱਜ ਸਵੇਰੇ ਕਰੀਬ 10 ਵਜੇ ਮੌਸਮ ਨੇ ਅਚਾਨਕ ਕਰਵਟ ਬਦਲ ਲਈ। ਦਿਨ ਦੇ ਸਮੇਂ ਅਸਮਾਨ ਵਿਚ ਇਕਦਮ ਘਣੇ ਕਾਲੇ ਬੱਦਲ ਛਾ ਗਏ ਅਤੇ ਕੁਝ ਹੀ ਪਲਾਂ ਵਿਚ ਇਲਾਕੇ ਵਿਚ ਘੁੱਪ ਹਨੇਰਾ ਛਾ ਗਿਆ। ਅਚਾਨਕ ਬਣੀ ਇਸ ਸਥਿਤੀ ਕਾਰਨ ਲੋਕ ਹੈਰਾਨ ਰਹਿ ਗਏ ਅਤੇ ਕਈ ਥਾਵਾਂ ‘ਤੇ ਦਿਨ ਦੇ ਸਮੇਂ ਹੀ ਰਾਤ ਵਰਗਾ ਮਾਹੌਲ ਬਣ ਗਿਆ। ਅਸਮਾਨ ਵਿਚ ਕਾਲੇ ਬੱਦਲਾਂ ਦੇ ਛਾਉਣ ਅਤੇ ਤੇਜ਼ ਹਨੇਰੀ ਦੇ ਚੱਲਣ ਨਾਲ ਇਲਾਕੇ ਦੇ ਕਈ ਰਸਤਿਆਂ ‘ਤੇ ਵਾਹਨ ਚਲਾਉਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਾਹਨ ਚਾਲਕਾਂ ਨੂੰ ਮਜਬੂਰਨ ਦਿਨ ਵੇਲੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਕਈ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਝੋਕੇ ਕਾਰਨ ਧੂੜ ਉੱਡਣ ਲੱਗੀ ਅਤੇ ਦ੍ਰਿਸ਼ਟਤਾ ਘੱਟ ਹੋ ਗਈ, ਜਿਸ ਨਾਲ ਲੋਕਾਂ ਨੂੰ ਸੰਭਲ ਕੇ ਯਾਤਰਾ ਕਰਨੀ ਪਈ। ਇਸ ਦੌਰਾਨ ਚੱਲੀ ਤੇਜ਼ ਹਨੇਰੀ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ। ਅਚਾਨਕ ਬਿਜਲੀ ਚਲੇ ਜਾਣ ਨਾਲ ਘਰਾਂ ਅਤੇ ਦੁਕਾਨਾਂ ਵਿਚ ਕੰਮ ਕਾਜ ਕੁਝ ਸਮੇਂ ਲਈ ਰੁਕ ਗਿਆ। ਲੋਕਾਂ ਨੂੰ ਮੋਬਾਈਲ ਫੋਨਾਂ ਦੀ ਰੌਸ਼ਨੀ ਜਾਂ ਹੋਰ ਵਿਕਲਪਾਂ ਦਾ ਸਹਾਰਾ ਲੈਣਾ ਪਿਆ। ਕੁਝ ਥਾਵਾਂ ‘ਤੇ ਦਰੱਖਤਾਂ ਦੀਆਂ ਟਾਹਣੀਆਂ ਵੀ ਟੁੱਟ ਕੇ ਸੜਕਾਂ ‘ਤੇ ਡਿੱਗਣ ਦੀਆਂ ਖਬਰਾਂ ਮਿਲੀਆਂ, ਜਿਸ ਕਾਰਨ ਆਵਾਜਾਈ ‘ਤੇ ਵੀ ਅਸਰ ਪਿਆ। ਇਸ ਅਚਾਨਕ ਬਦਲੇ ਮੌਸਮ ਕਾਰਨ ਰੋਜ਼ਾਨਾ ਦੇ ਕੰਮਾਂ ‘ਤੇ ਵੀ ਪ੍ਰਭਾਵ ਦੇਖਣ ਨੂੰ ਮਿਲਿਆ। ਮਾਰਕੀਟਾਂ ਵਿਚ ਆਉਣ ਜਾਣ ਵਾਲੇ ਲੋਕ ਕੁਝ ਸਮੇਂ ਲਈ ਦੁਕਾਨਾਂ ਦੇ ਅੰਦਰ ਜਾਂ ਛਤਾਂ ਹੇਠਾਂ ਖੜੇ ਹੋ ਗਏ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੁਝ ਹੀ ਮਿੰਟਾਂ ਵਿਚ ਮੌਸਮ ਦਾ ਰੂਪ ਪੂਰੀ ਤਰ੍ਹਾਂ ਬਦਲ ਗਿਆ ਅਤੇ ਦਿਨ ਵੇਲੇ ਹੀ ਹਨੇਰਾ ਛਾ ਗਿਆ, ਜੋ ਕਿ ਕਾਫੀ ਅਸਧਾਰਣ ਦ੍ਰਿਸ਼ ਸੀ। ਮੌਸਮ ਵਿਚ ਆਏ ਇਸ ਅਚਾਨਕ ਬਦਲਾਅ ਨੇ ਲੋਕਾਂ ਨੂੰ ਹੈਰਾਨ ਵੀ ਕੀਤਾ ਅਤੇ ਕੁਝ ਸਮੇਂ ਲਈ ਇਲਾਕੇ ਵਿਚ ਦਹਿਸ਼ਤ ਵਰਗਾ ਮਾਹੌਲ ਵੀ ਬਣ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਹਾਲਾਤ ਆਮ ਹੋਣ ਲੱਗ ਪਏ, ਪਰ ਲੋਕ ਇਸ ਅਚਾਨਕ ਬਣੀ ਸਥਿਤੀ ਬਾਰੇ ਚਰਚਾ ਕਰਦੇ ਰਹੇ। ਬਾਕਸ ਇੰਨ: ਬਾਰਿਸ਼ ਕਿਸਾਨਾਂ ਲਈ ਲਾਹੇਵੰਦ, ਤੇਜ਼ ਹਨੇਰੀ ਬਣ ਸਕਦੀ ਹੈ ਖਤਰਾ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਹੋਣ ਵਾਲੀ ਬਾਰਿਸ਼ ਫਸਲਾਂ ਲਈ ਆਮ ਤੌਰ ‘ਤੇ ਲਾਹੇਵੰਦ ਸਾਬਤ ਹੁੰਦੀ ਹੈ। ਇਸ ਨਾਲ ਖੇਤਾਂ ਵਿਚ ਖੜੀਆਂ ਫਸਲਾਂ ਨੂੰ ਨਮੀ ਮਿਲਦੀ ਹੈ ਅਤੇ ਪੈਦਾਵਾਰ ‘ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ। ਪਰ ਕਿਸਾਨਾਂ ਨੇ ਇਹ ਵੀ ਚਿੰਤਾ ਜਤਾਈ ਕਿ ਜੇਕਰ ਬਾਰਿਸ਼ ਦੇ ਨਾਲ ਨਾਲ ਤੇਜ਼ ਹਨੇਰੀਆਂ ਚੱਲਦੀਆਂ ਹਨ ਤਾਂ ਇਹ ਫਸਲਾਂ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ। ਇਸ ਵੇਲੇ ਖੇਤਾਂ ਵਿਚ ਖੜੀਆਂ ਕਣਕ ਅਤੇ ਹੋਰ ਫਸਲਾਂ ਲਗਭਗ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ ਅਤੇ ਭਾਰੀਆਂ ਹੋਣ ਕਰਕੇ ਜਮੀਨ ਵੱਲ ਝੁਕਣ ਲੱਗ ਪੈਂਦੀਆਂ ਹਨ। ਕਿਸਾਨਾਂ ਦੇ ਅਨੁਸਾਰ ਜੇਕਰ ਤੇਜ਼ ਹਵਾਵਾਂ ਚੱਲੀਆਂ ਤਾਂ ਫਸਲਾਂ ਜਮੀਨ ‘ਤੇ ਡਿੱਗ ਸਕਦੀਆਂ ਹਨ, ਜਿਸ ਨਾਲ ਕਟਾਈ ਸਮੇਂ ਵੱਡਾ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਪੈਦਾਵਾਰ ਘੱਟ ਹੋਣ ਦਾ ਖਤਰਾ ਬਣ ਜਾਂਦਾ ਹੈ ਅਤੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਵੀ ਵੱਡਾ ਘਾਟਾ ਝੱਲਣਾ ਪੈ ਸਕਦਾ ਹੈ।