ਧੁੰਦ ’ਚ ਸਵੇਰ ਦੀ ਸੈਰ ਲਈ ਖੁੱਲ੍ਹੇ ਮੈਦਾਨ ਸੁਰੱਖਿਅਤ
ਧੁੰਦ ਵਿਚ ਸੜਕਾਂ ਨਹੀਂ, ਖੁੱਲੇ ਮੈਦਾਨ ਸੁਰੱਖਿਅਤ ਸਵੇਰ ਦੀ ਸੈਰ ਲਈ ਬਿਹਤਰ
Publish Date: Wed, 14 Jan 2026 04:50 PM (IST)
Updated Date: Wed, 14 Jan 2026 04:51 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਸਰਦੀਆਂ ਦੇ ਮੌਸਮ ਵਿਚ ਧੁੰਦ ਇੱਕ ਆਮ ਪਰ ਗੰਭੀਰ ਸਮੱਸਿਆ ਬਣ ਜਾਂਦੀ ਹੈ। ਖ਼ਾਸ ਕਰਕੇ ਸਵੇਰ ਦੇ ਸਮੇਂ ਜਦੋਂ ਦਿੱਖ ਬਹੁਤ ਘੱਟ ਹੁੰਦੀ ਹੈ, ਉਸ ਵੇਲੇ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਅਜਿਹੇ ਹਾਲਾਤਾਂ ਵਿਚ ਸਵੇਰ ਦੀ ਸੈਰ ਲਈ ਸੜਕਾਂ ‘ਤੇ ਨਿਕਲਣਾ ਸਿਹਤ ਲਈ ਲਾਭਦਾਇਕ ਹੋਣ ਦੀ ਬਜਾਏ ਖ਼ਤਰੇ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਇਹ ਚਰਚਾ ਬਹੁਤ ਜ਼ਰੂਰੀ ਹੈ ਕਿ ਲੋਕ ਧੁੰਦ ਦੇ ਦਿਨਾਂ ਵਿਚ ਸੜਕਾਂ ਦੀ ਬਜਾਏ ਖੁੱਲੇ ਮੈਦਾਨਾਂ, ਪਾਰਕਾਂ ਜਾਂ ਸੁਰੱਖਿਅਤ ਥਾਵਾਂ ‘ਤੇ ਸੈਰ ਕਰਨ ਨੂੰ ਤਰਜੀਹ ਦੇਣ। ਇਸ ਸਬੰਧੀ ਡਾਕਟਰ ਧਰਵਿੰਦਰ ਗੋਨੀ ਦਾ ਕਹਿਣਾ ਹੈ ਕਿ ਸਵੇਰ ਦੀ ਸੈਰ ਸਿਹਤ ਲਈ ਬੇਹੱਦ ਲਾਭਦਾਇਕ ਹੈ, ਪਰ ਥਾਂ ਦੀ ਚੋਣ ਬਹੁਤ ਅਹਿਮ ਹੈ। ਧੁੰਦ ਵਿੱਚ ਸੜਕਾਂ ‘ਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਵਾਹਨਾਂ ਤੋਂ ਨਿਕਲਣ ਵਾਲਾ ਧੂੰਆ ਸਾਹ ਦੀਆਂ ਬਿਮਾਰੀਆਂ ਨੂੰ ਵਧਾ ਸਕਦਾ ਹੈ। ਖੁੱਲੇ ਮੈਦਾਨ ਜਾਂ ਪਾਰਕ ਜਿੱਥੇ ਹਰੀਆਵਲੀ ਹੋਵੇ, ਉੱਥੇ ਆਕਸੀਜਨ ਜ਼ਿਆਦਾ ਮਿਲਦੀ ਹੈ ਜੋ ਸ਼ਰੀਰ ਲਈ ਫ਼ਾਇਦੇਮੰਦ ਹੈ। ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਸੰਦੋਆ ਅਨੁਸਾਰ ਧੁੰਦ ਵਿੱਚ ਸੜਕਾਂ ‘ਤੇ ਸੈਰ ਕਰਨਾ ਸਿੱਧਾ-ਸਿੱਧਾ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਘੱਟ ਦਿੱਖ ਕਾਰਨ ਵਾਹਨ ਚਾਲਕ ਪੈਦਲ ਯਾਤਰੀ ਨੂੰ ਸਮੇਂ ਸਿਰ ਨਹੀਂ ਦੇਖ ਸਕਦੇ। ਅਕਸਰ ਸੁਣਨ ਵਿਚ ਆਉਂਦਾ ਹੈ ਕਿ ਸਵੇਰ ਦੇ ਸਮੇਂ ਵਾਕ ਕਰਨ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ। ਸਮਾਜ ਸੇਵੀ ਪ੍ਰਦੀਪ ਧੀਮਾਨ ਮੁਤਾਬਿਕ ਸਿਰਫ਼ ਵਿਅਕਤੀ ਨਹੀਂ, ਸਗੋਂ ਸਮਾਜ ਦੀ ਵੀ ਜ਼ਿੰਮੇਵਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਖੁੱਲੇ ਮੈਦਾਨਾਂ, ਪਾਰਕਾਂ ਅਤੇ ਵਾਕਿੰਗ ਟ੍ਰੈਕ ਬਣਾਏ ਜਾਣ ਚਾਹੀਦੇ ਹਨ ਤਾਂ ਜੋ ਲੋਕ ਸੁਰੱਖਿਅਤ ਢੰਗ ਨਾਲ ਸੈਰ ਕਰ ਸਕਣ। ਜੇ ਸਹੂਲਤਾਂ ਮਿਲਣ, ਤਾਂ ਲੋਕ ਆਪਣੇ ਆਪ ਸੜਕਾਂ ਤੋਂ ਦੂਰ ਰਹਿਣਗੇ। ਪ੍ਰਸਿੱਧ ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਸਰਥਲੀ ਨੇ ਕਿਹਾ ਕਿ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਹੈ। ਕਈ ਵਾਰ ਆਦਤਾਂ ਇੰਨੀ ਪੱਕੀਆਂ ਹੁੰਦੀਆਂ ਹਨ ਕਿ ਖ਼ਤਰੇ ਦੇ ਬਾਵਜੂਦ ਲੋਕ ਸੜਕਾਂ ‘ਤੇ ਹੀ ਸੈਰ ਕਰਦੇ ਰਹਿੰਦੇ ਹਨ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀਆਂ ਆਦਤਾਂ ਬਦਲੀਏ, ਮੌਸਮ ਦੇ ਹਿਸਾਬ ਨਾਲ ਫ਼ੈਸਲੇ ਲਈਏ ਅਤੇ ਆਪਣੇ ਜੀਵਨ ਨੂੰ ਮਹੱਤਵ ਦਈਏ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਵੇਰ ਦੀ ਸੈਰ ਜਰੂਰੀ ਹੈ, ਪਰ ਸਹੀ ਥਾਂ ‘ਤੇ। ਧੁੰਦ ਵਿੱਚ ਸੜਕਾਂ ਦੀ ਬਜਾਏ ਖੁੱਲੇ ਮੈਦਾਨਾਂ ਵਿਚ ਸੈਰ ਕਰਕੇ ਅਸੀਂ ਨਾ ਸਿਰਫ਼ ਆਪਣੀ ਸਿਹਤ ਬਚਾ ਸਕਦੇ ਹਾਂ, ਸਗੋਂ ਹਾਦਸਿਆਂ ਤੋਂ ਵੀ ਬਚ ਸਕਦੇ ਹਾਂ। ਕੈਪਸ਼ਨ ਪਰਿਚਰਚਾ ਵਿਚ ਭਾਗ ਲੈਂਦੇ ਡਾਕਟਰ ਧਰਵਿੰਦਰ ਗੋਨੀ, ਰਣਜੀਤ ਸੰਦੋਆ, ਪ੍ਰਦੀਪ ਧੀਮਾਨ ’ਤੇ ਮਾਸਟਰ ਜਗਜੀਤ ਸਰਥਲੀ