ਸਮਾਜਿਕ ਭਾਈਚਾਰੇ ਦੀ ਮਜ਼ਬੂਤੀ ਲਈ ਕੀਤੀਆਂ ਨਵੀਆਂ ਨਿੁਯੁਕਤੀਆਂ
ਸੂਬੇਦਾਰ ਲੇਖਰਾਮ ਗੁੱਜਰ ਵੈਲਫੇਅਰ ਬੋਰਡ ਦੇ ਸਟੇਟ ਕਮੇਟੀ ਮੈਂਬਰ ’ਤੇ ਬਲਦੇਵ ਰਾਜ ਬਣੇ ਜ਼ਿਲ੍ਹਾ ਚੇਅਰਮੈਨ
Publish Date: Wed, 10 Jun 2026 05:02 PM (IST)
Updated Date: Wed, 10 Jun 2026 05:02 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਪਾਰਟੀ ਦੀ ਮਜ਼ਬੂਤੀ ਅਤੇ ਸਮਾਜਿਕ ਭਾਈਚਾਰਿਆਂ ਦੀ ਨੁਮਾਇੰਦਗੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਗੁੱਜਰ ਸਮਾਜ ਦੇ ਸਿਰਕੱਢ ਆਗੂ ਅਤੇ ਪਿੰਡ ਆਬਾਦੀ ਘਰਾਠੀਆ ਦੇ ਸਰਪੰਚ ਸੂਬੇਦਾਰ ਲੇਖਰਾਮ ਬਾੜ ਨੂੰ ਗੁੱਜਰ ਵੈਲਫੇਅਰ ਬੋਰਡ ਦਾ ਸਟੇਟ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਕਾਂਗੜ ਦੇ ਸਰਪੰਚ ਬਲਦੇਵ ਰਾਜ ਚੌਹਾਨ ਨੂੰ ਗੁੱਜਰ ਵੈਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਮੁੱਚੇ ਗੁੱਜਰ ਸਮਾਜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਮਾਜ ਦੇ ਆਗੂਆਂ, ਨੌਜਵਾਨਾਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਦੋਵਾਂ ਆਗੂਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਸੂਬੇਦਾਰ ਲੇਖਰਾਮ ਅਤੇ ਬਲਦੇਵ ਰਾਜ ਚੌਹਾਨ ਲੰਮੇ ਸਮੇਂ ਤੋਂ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀ ਨਿਯੁਕਤੀ ਨਾਲ ਗੁੱਜਰ ਭਾਈਚਾਰੇ ਦੀ ਆਵਾਜ਼ ਹੋਰ ਮਜ਼ਬੂਤੀ ਨਾਲ ਸਰਕਾਰ ਤੱਕ ਪਹੁੰਚੇਗੀ। ਇਸ ਮੌਕੇ ਸੂਬੇਦਾਰ ਲੇਖਰਾਮ ਬਾੜ ਅਤੇ ਬਲਦੇਵ ਰਾਜ ਚੌਹਾਨ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਇੱਕ ਮਾਣ ਦੇ ਨਾਲ-ਨਾਲ ਵੱਡੀ ਜਵਾਬਦੇਹੀ ਵੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਭਰੋਸੇ ਤੇ ਪੂਰੀ ਤਰ੍ਹਾਂ ਖਰਾ ਉਤਰਨ ਲਈ ਤਨਦੇਹੀ, ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਗੁੱਜਰ ਵੈਲਫੇਅਰ ਬੋਰਡ ਰਾਹੀਂ ਸਮਾਜ ਦੇ ਹੱਕਾਂ, ਭਲਾਈ ਅਤੇ ਤਰੱਕੀ ਲਈ ਲਗਾਤਾਰ ਯਤਨ ਕੀਤੇ ਜਾਣਗੇ। ਨੌਜਵਾਨਾਂ ਨੂੰ ਸਿੱਖਿਆ, ਰੋਜ਼ਗਾਰ ਅਤੇ ਸਮਾਜਿਕ ਵਿਕਾਸ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਦੋਵਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਪੱਖੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵੀ ਉਹ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ ਆਗੂਆਂ ਅਤੇ ਸਮਰਥਕਾਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।