ਚੋਰਾਂ ਦੇ ਹੌਸਲੇ ਬੁਲੰਦ, ਡੀਐਸਪੀ, ਥਾਣਾ ਮੁੱਖੀ ਤੇ ਚੌਂਕੀ ਇੰਚਾਰਜ ਛੁੱਟੀ 'ਤੇ
ਡੀਐਸਪੀ, ਥਾਣਾ ਮੁੱਖੀ ਅਤੇ ਚੌਂਕੀ ਇੰਚਾਰਜ ਛੁੱਟੀ 'ਤੇ
Publish Date: Wed, 10 Jun 2026 04:35 PM (IST)
Updated Date: Wed, 10 Jun 2026 04:38 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਚਿੰਤਾ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਕੁਝ ਦਿਨ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜਿਓਂ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਸੀ ਕਿ ਚੋਰਾਂ ਨੇ ਇੱਕ ਹੋਰ ਮੋਟਰਸਾਈਕਲ ਚੋਰੀ ਕਰਕੇ ਪੁਲਿਸ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਕਚਹਿਰੀ ਰੋਡ ਤੋਂ ਇੱਕ ਮੋਟਰਸਾਈਕਲ ਚੋਰੀ ਹੋ ਗਿਆ। ਪੀੜਤ ਬਿਮਲ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਮੋਟਰਸਾਈਕਲ ਕਚਹਿਰੀ ਰੋਡ ਤੇ ਖੜ੍ਹਾ ਕਰਕੇ ਆਪਣੇ ਕੰਮ ਲਈ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਨੇੜਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕਰਵਾਈ। ਸੀਸੀਟੀਵੀ ਰਿਕਾਰਡਿੰਗ ਵਿੱਚ ਦੋ ਨੌਜਵਾਨ ਮੋਟਰਸਾਈਕਲ ਦੇ ਨੇੜੇ ਬੈਠੇ ਦਿਖਾਈ ਦਿੱਤੇ। ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਉਹ ਚਲੇ ਗਏ। ਬਾਅਦ ਵਿੱਚ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਮੁੜ ਆਇਆ ਅਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੀੜਤ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਮੇਂ ਦੌਰਾਨ ਵੀ ਵਾਹਨ ਚੋਰੀ, ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਣ ਕਾਰਨ ਅਜਿਹੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਵਿਸ਼ੇਸ਼ ਤੌਰ ਤੇ ਧਾਰਮਿਕ ਸਥਾਨਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਵੀ ਵਾਹਨ ਸੁਰੱਖਿਅਤ ਨਾ ਹੋਣ ਕਾਰਨ ਲੋਕ ਚਿੰਤਤ ਹਨ। ਸ਼ਹਿਰ ਦੇ ਕਈ ਵਸਨੀਕਾਂ ਨੇ ਦੱਸਿਆ ਕਿ ਹੁਣ ਉਹ ਆਪਣੇ ਸਕੂਟਰ ਜਾਂ ਮੋਟਰਸਾਈਕਲ ਖੜ੍ਹੇ ਕਰਨ ਤੋਂ ਬਾਅਦ ਵਾਰ-ਵਾਰ ਜਾ ਕੇ ਦੇਖਦੇ ਹਨ ਕਿ ਵਾਹਨ ਸੁਰੱਖਿਅਤ ਹੈ ਜਾਂ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀ ਸਥਿਤੀ ਰਹੀ ਤਾਂ ਲੋਕਾਂ ਦਾ ਭਰੋਸਾ ਕਾਨੂੰਨ ਵਿਵਸਥਾ ਤੇ ਪ੍ਰਭਾਵਿਤ ਹੋ ਸਕਦਾ ਹੈ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਸਬੰਧੀ ਅਰਜ਼ੀ ਉਨ੍ਹਾਂ ਕੋਲ ਮੌਜੂਦ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਛੁੱਟੀ ਤੇ ਹਨ ਅਤੇ ਡਿਊਟੀ ਸੰਭਾਲਣ ਤੋਂ ਬਾਅਦ ਮਾਮਲੇ ਬਾਰੇ ਹੋਰ ਜਾਣਕਾਰੀ ਦੇ ਸਕਣਗੇ। ਦੂਜੇ ਪਾਸੇ ਸ਼ਹਿਰ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਦਰਮਿਆਨ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਦੇ ਛੁੱਟੀ ਤੇ ਹੋਣ ਦੀ ਚਰਚਾ ਵੀ ਜ਼ੋਰਾਂ ਤੇ ਹੈ। ਜਾਣਕਾਰੀ ਅਨੁਸਾਰ ਡੀਐਸਪੀ ਜਸ਼ਨਦੀਪ ਸਿੰਘ, ਥਾਣਾ ਮੁਖੀ ਜਤਨ ਕਪੂਰ ਅਤੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਛੁੱਟੀ ਤੇ ਹਨ। ਲੋਕਾਂ ਦਾ ਮੰਨਣਾ ਹੈ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਅਪਰਾਧੀਆਂ ਦੇ ਵਧਦੇ ਹੌਸਲਿਆਂ ਨੂੰ ਦਰਸਾਉਂਦੀਆਂ ਹਨ। ,,,,ਡੱਬੀ ਦੇ ਲਈ,,,,, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਲੋਕ ਚਿੰਤਤ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਜ਼ਿੰਮੇਵਾਰ ਤਿੰਨੋ ਅਧਿਕਾਰੀਆਂ ਨੂੰ ਇਕੱਠੇ ਸਟੇਸ਼ਨ ਲੀਵ ਦੇਣਾ ਮੰਦਭਾਗਾ ਹੈ ਉਹਨਾਂ ਕਿਹਾ ਉਹ ਇਸ ਸਬੰਧੀ ਐਸਐਸਪੀ ਅਤੇ ਡੀਆਈਜੀ ਨਾਲ ਦੇ ਨਾਲ ਮੁਲਾਕਾਤ ਕਰਨਗੇ । ਉਹਨਾਂ ਕਿਹਾ ਜੇਕਰ ਗੁਰੂ ਨਗਰੀ ਦੇ ਲੋਕ ਚੋਰੀਆਂ ਕਾਰਨ ਰਾਤ ਨੂੰ ਸੁਖ ਦੀ ਨੀਂਦ ਨਹੀਂ ਲੈ ਸਕਦੇ ਤਾਂ ਇੱਥੇ ਵਿਧਾਨ ਸਭਾ ਦੇ ਸੈਸ਼ਨ ਲਗਾਉਣਾ ਜਾਂ ਹੋਰ ਰਾਜਨੀਤਿਕ ਕੰਮ ਕਰਨ ਦਾ ਕੋਈ ਫਾਇਦਾ ਨਹੀਂ । ,,,, ਡੱਬੀ ਦੇ ਲਈ,,, ਭਾਜਪਾ ਆਗੂ ਅਰਵਿੰਦ ਮਿੱਤਲ ਨੇ ਵੀ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਜਾਨ-ਮਾਲ ਦੀ ਸੁਰੱਖਿਆ ਬਾਰੇ ਭਰੋਸਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਧਾਰਮਿਕ ਅਤੇ ਇਤਿਹਾਸਕ ਮਹੱਤਵ ਵਾਲੇ ਸ਼ਹਿਰ ਵਿੱਚ ਵੀ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਣ ਤਾਂ ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਲਾਉਣ ਵਿੱਚ ਬਿਲਕੁਲ ਫੇਲ ਹੋ ਗਈ ਹੈ। ਪੂਰੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਖਰਾਬ ਚੱਲ ਰਹੀ ਹੈ । ਸ਼ਰੇਆਮ ਚੋਰੀਆਂ ਡਕੈਤੀਆਂ ਹੋ ਰਹੀਆਂ ਹਨ ਪਰ ਸਰਕਾਰ ਦੇ ਕੰਨ ਤੇ ਜੂਨ ਨਹੀਂ ਸਿਰਕ ਰਹੀ। ਉਹਨਾਂ ਕਿਹਾ ਜਿੱਥੇ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਗੈਂਗਸਟਰਵਾਦ ਖਤਮ ਕਰਕੇ ਲੋਕਾਂ ਦਾ ਰਾਜ ਸਥਾਪਿਤ ਹੋ ਗਿਆ ਹੈ ਪਰ ਅਫਸੋਸ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੋਕ ਰਾਤਾਂ ਦੀਆਂ ਨਿੰਦਾਂ ਵੀ ਸੋ ਨਹੀਂ ਸਕਦੇ ਉਹਨਾਂ ਨੂੰ ਹਮੇਸ਼ਾ ਚੋਰੀਆਂ ਅਤੇ ਡਾਕਿਆਂ ਦਾ ਡਰ ਸਤਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੀਸੀਟੀਵੀ ਰਿਕਾਰਡਿੰਗ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਅੰਕੁਸ਼ ਲਗਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਖ਼ਿਲਾਫ਼ ਤੁਰੰਤ ਕਾਰਵਾਈ ਹੀ ਸ਼ਹਿਰ ਵਿੱਚ ਸੁਰੱਖਿਆ ਅਤੇ ਭਰੋਸੇ ਦਾ ਮਾਹੌਲ ਮੁੜ ਕਾਇਮ ਕਰ ਸਕਦੀ ਹੈ।