ਬੀਬੀਐੱਮਬੀ ਵਰਕਸ਼ਾਪ ਮੁੜ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੇ ਭਰਿਆਂ ਹਾਂ ਪੱਖੀ ਹੁੰਗਾਰਾ : ਖੰਨਾ
ਬੀਬੀਐੱਮਬੀ ਵਰਕਸ਼ਾਪ ਮੁੜ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੇ ਭਰਿਆਂ ਹਾਂ ਪੱਖੀ ਹੁੰਗਾਰਾਂ: ਅਵਿਨਾਸ਼ ਰਾਏ ਖੰਨਾ
Publish Date: Sat, 06 Jun 2026 05:53 PM (IST)
Updated Date: Sat, 06 Jun 2026 05:56 PM (IST)

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਭਾਖੜਾ ਡੈਮ ਦੇ ਨਿਰਮਾਣ ਸਮੇਂ ਬਣਾਈ ਗਈ ਨੰਗਲ ਸਥਿਤ ਬੀਬੀਐੱਮਬੀ ਵਰਕਸ਼ਾਪ ਨੂੰ ਮੁੜ ਚਾਲੂ ਕਰਨ ਲਈ ਕੇਂਦਰ ਸਰਕਾਰ ਵਲੋਂ ਵੱਖ ਵੱਖ ਪਹਿਲੂਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਵਲੋਂ ਗਲ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਜਪਾ ਐੱਨਜੀਓ ਸੈੱਲ ਰੋਪੜ ਦੇ ਜ਼ਿਲ੍ਹਾ ਕਨਵੀਨਰ ਗੋਵਰਧਨ ਸੋਨੀ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਵਸਨੀਕਾਂ ਵੱਲੋਂ 17 ਮਈ 2025 ਨੂੰ ਦਸਤਖ਼ਤ ਕੀਤੀ ਅਪੀਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਉਨ੍ਹਾਂ ਨੂੰ ਭੇਜੀ ਗਈ ਸੀ। ਇਸ ਮੰਗ ਪੱਤਰ ਨੂੰ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨੂੰ ਅੱਗੇ ਭੇਜਦੇ ਹੋਏ ਵਰਕਸ਼ਾਪ ਨੂੰ ਮੁੜ ਸ਼ੁਰੂ ਕਰਨ ਲਈ ਹਮਦਰਦੀਪੂਰਵਕ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਮੰਗ ਤੇ ਕੇਂਦਰ ਸਰਕਾਰ ਵਲੋਂ ਵਿਚਾਰ ਕਰਦਿਆਂ ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਦਿਵਾਕਰ ਨਾਥ ਮਿਸ਼ਰਾ ਵੱਲੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਭੇਜੇ ਪੱਤਰ ਵਿੱਚ ਨੰਗਲ ਵਰਕਸ਼ਾਪ ਦੇ ਮੁੜ ਚਾਲੂ ਹੋਣ ਸਬੰਧੀ ਮਾਮਲੇ ਹਾਂ ਪੱਖੀ ਹੁੰਗਾਰਾ ਭਰਦਿਆਂ ਕਿਹਾ ਗਿਆ ਹੈ ਕਿ ਕੇਂਦਰ ਬੀਬੀਐੱਮਬੀ ਵਰਕਸ਼ਾਪ ਦੇ ਬਿਹਤਰ ਇਸਤੇਮਾਲ ਲਈ ਵੱਖ-ਵੱਖ ਵਿਕਲਪਾਂ ਅਤੇ ਆਮਦਨ ਵਧਾਉਣ ਵਾਲੀਆਂ ਯੋਜਨਾਵਾਂ ’ਤੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ। ਕੇਂਦਰ ਸਰਕਾਰ ਵਲੋਂ ਬੀਬੀਐਮਬੀ ਨੂੰ ਆਈਆਈਟੀ ਰੋਪੜ ਵੱਲੋਂ ਵਰਕਸ਼ਾਪ ਵਿੱਚ ਉਦਯਮਤਾ ਅਤੇ ਪੇਂਡੂ ਵਿਕਾਸ ਕੇਂਦਰ (ਈਆਰਡੀਸੀ) ਸਥਾਪਤ ਕਰਨ ਦਾ ਪ੍ਰਸਤਾਵ ਵੀ ਪ੍ਰਾਪਤ ਹੋਇਆ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਵਰਕਸ਼ਾਪ ਨੂੰ ਨਵੀਨਤਾ ਅਤੇ ਖੋਜ ਦੇ ਖੇਤਰੀ ਕੇਂਦਰ ਵਜੋਂ ਵਿਕਸਤ ਕਰਨਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਸ ਪਹਿਲ ਨਾਲ ਵਰਕਸ਼ਾਪ ਦੇ ਬੁਨਿਆਦੀ ਢਾਂਚੇ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਦੇ ਨਾਲ-ਨਾਲ ਖੇਤਰ ਵਿੱਚ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਹਨ। ਅਵਿਨਾਸ਼ ਰਾਏ ਖੰਨਾ ਨੇ ਦੱਸਿਆਂ ਕਿ ਨੰਗਲ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੀ ਇਹ ਲੰਬੇ ਸਮੇਂ ਮੰਗ ਕੀਤੀ ਜਾ ਰਹੀ ਹੈ ਕਿ ਬੀਬੀਐਮਬੀ ਵਰਕਸ਼ਾਪ ਭਾਖੜਾ-ਨੰਗਲ ਪ੍ਰੋਜੈਕਟ ਲਈ ਬਹੁਤ ਮਹੱਤਵਪੂਰਨ ਰਹੀ ਹੈ ਅਤੇ ਇਸ ਦੇ ਬੰਦ ਹੋਣ ਨਾਲ ਨਾ ਸਿਰਫ਼ ਸਥਾਨਕ ਰੋਜ਼ਗਾਰ ਪ੍ਰਭਾਵਿਤ ਹੋਇਆ ਹੈ, ਸਗੋਂ ਤਕਨੀਕੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਮੌਕੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਪਿੰਕੀ ਸ਼ਰਮਾ, ਪਵਨ ਜਗੋਤਾ, ਗਰਵਧਨ ਸੋਨੀ, ਵਿਨ ਸੋਨੀ, ਰਾਜਨ ਅਨੰਦ, ਜੁਗਲ ਕਿਸ਼ੋਰ ਸੋਨੀ, ਵਿਪਨ ਸੋਨੀ, ਸਤਵੀਰ ਰਾਣਾ, ਚੰਦਰ ਕੁਮਾਰ ਬਜਾਜ, ਕੌਂਸਲਰ ਰਣਜੀਤ ਸਿੰਘ ਲੱਕੀ, ਕੌਂਸਲਰ ਮਮਤਾ ਕਪਿਲਾ, ਮਹੇਸ਼ ਕਾਲੀਆਂ, ਵਿਕਰਾਂਤ ਪਰਮਾਰ ਆਦਿ ਹਾਜ਼ਰ ਸਨ। ਕੈਪਸ਼ਨ:ਨੰਗਲ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਭਾਜਪਾ ਆਗੂ।