ਅਪ੍ਰੈਂਟਿਸ ਲਾਈਨਮੈਨਾਂ ‘ਤੇ ਪੁਲਿਸ ਕਾਰਵਾਈ ਖ਼ਿਲਾਫ਼ ਭੜਕੇ ਮੁਲਾਜ਼ਮ
ਅਪ੍ਰੈਂਟਿਸ ਲਾਈਨਮੈਨਾਂ ‘ਤੇ ਪੁਲਿਸ ਕਾਰਵਾਈ ਖ਼ਿਲਾਫ਼ ਭੜਕੇ ਮੁਲਾਜ਼ਮ
Publish Date: Sat, 06 Jun 2026 05:13 PM (IST)
Updated Date: Sat, 06 Jun 2026 05:14 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਟੈਕਨੀਕਲ ਸਰਵਿਸ ਯੂਨੀਅਨ (ਟੀਐਸਯੂ) ਤਖ਼ਤਗੜ੍ਹ ਅਤੇ ਪੈਨਸ਼ਨਰ ਐਸ਼ੋਸ਼ੀਏਸ਼ਨ ਅਨੰਦਪੁਰ ਸਾਹਿਬ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਨ ਖ਼ਿਲਾਫ਼ ਇੱਕ ਤਿੱਖੀ ਰੋਸ ਰੈਲੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਗਿਆ। ਰੈਲੀ ਦੌਰਾਨ ਬੁਲਾਰਿਆਂ ਨੇ ਪਟਿਆਲਾ ਵਿਖੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ ‘ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਮੁਲਾਜ਼ਮ ਵਿਰੋਧੀ ਰਵੱਈਆ ਕਰਾਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪਾਵਰਕੌਮ ਵਿੱਚ ਪਹਿਲਾਂ ਹੀ ਸਟਾਫ਼ ਦੀ ਭਾਰੀ ਘਾਟ ਹੈ ਅਤੇ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਧੂ ਮਨੁੱਖੀ ਸ਼ਕਤੀ ਦੀ ਸਖ਼ਤ ਲੋੜ ਹੈ। ਇਸ ਦੇ ਬਾਵਜੂਦ 2600 ਅਪ੍ਰੈਂਟਿਸ ਲਾਈਨਮੈਨਾਂ ਨੂੰ ਪੱਕੇ ਤੌਰ ‘ਤੇ ਭਰਤੀ ਕਰਨ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ।ਰੋਸ ਰੈਲੀ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ 2600 ਅਪ੍ਰੈਂਟਿਸ ਲਾਈਨਮੈਨਾਂ ਨੂੰ ਤੁਰੰਤ ਰੈਗੂਲਰ ਕਰਕੇ ਪਾਵਰਕੌਮ ਵਿੱਚ ਪੱਕੇ ਤੌਰ ‘ਤੇ ਸਮਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਇੱਕ ਪਾਸੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਜਦਕਿ ਦੂਜੇ ਪਾਸੇ ਬਿਜਲੀ ਸੇਵਾਵਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ। ਇਸ ਮੌਕੇ ਪੈਨਸ਼ਨਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਭਾਗ ਸਿੰਘ, ਇੰਜਨੀਅਰ ਰਾਮ ਕ੍ਰਿਸ਼ਨ, ਇੰਜਨੀਅਰ ਹਰਮਿੰਦਰ ਸਿੰਘ, ਪ੍ਰੀਤਮ ਸਿੰਘ, ਨਿਰਮਲ ਸਿੰਘ, ਪਾਲ ਸਿੰਘ, ਜਗਦੀਪ ਚੰਦ, ਧਰਮ ਸਿੰਘ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਨ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ। ਬਾਕਸ ਇੰਨ ਖਾਲੀ ਅਸਾਮੀਆਂ ਕਾਰਨ ਲੋਕਾਂ ਨੂੰ ਵੀ ਹੋ ਰਹੀ ਖੱਜਲ-ਖੁਆਰੀ ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਪਾਵਰਕੌਮ ਵਿੱਚ ਲਗਭਗ 45 ਹਜ਼ਾਰ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਮੌਜੂਦਾ ਕਰਮਚਾਰੀਆਂ ‘ਤੇ ਕੰਮ ਦਾ ਬੇਹੱਦ ਬੋਝ ਵਧ ਗਿਆ ਹੈ। ਹਾਲਾਤ ਇਹ ਹਨ ਕਿ ਕਈ ਥਾਵਾਂ ‘ਤੇ ਬਿਜਲੀ ਖ਼ਰਾਬੀ ਸਬੰਧੀ ਸ਼ਿਕਾਇਤਾਂ ਘੰਟਿਆਂ ਤੱਕ ਅਟੈਂਡ ਨਹੀਂ ਹੋ ਰਹੀਆਂ, ਜਿਸ ਨਾਲ ਆਮ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਨ ਵੱਲੋਂ ਮੋਬਾਈਲ ਫੋਨ ਜਾਰੀ ਕਰਕੇ ਅਤੇ ਕੰਪਲੇਂਟਾਂ ਲਈ ਸਮਾਂ ਸੀਮਾ ਨਿਰਧਾਰਤ ਕਰਕੇ ਕਰਮਚਾਰੀਆਂ ‘ਤੇ ਹੋਰ ਵਾਧੂ ਦਬਾਅ ਬਣਾਇਆ ਜਾ ਰਿਹਾ ਹੈ। ਇਸ ਕਾਰਨ ਮੁਲਾਜ਼ਮ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਅਤੇ ਕੰਮ ਦੌਰਾਨ ਘਾਤਕ ’ਤੇ ਗੈਰ-ਘਾਤਕ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ।