ਚਾਰ ਰੋਜ਼ਾ ਗੁਰਮਤਿ ਸਿਰਜਨਾ ਕੈਂਪ ‘ਕਿਵ ਸਚਿਆਰਾ ਹੋਈਐ’ ਸੰਪੰਨ
ਕਿਵ ਸਚਿਆਰਾ ਹੋਈਐ ਕੈਂਪ ਸੰਪੰਨ
Publish Date: Fri, 05 Jun 2026 06:46 PM (IST)
Updated Date: Fri, 05 Jun 2026 06:47 PM (IST)

ਵਿਦਿਆਰਥੀਆਂ ਨੂੰ ਇਲਾਕੇ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਗਏ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਸਾਗਰ ਟਰੱਸਟ ਵਿਖੇ ਚਾਰ ਰੋਜ਼ਾ ਗੁਰਮਤਿ ਸਿਰਜਨਾ ਕੈਂਪ “ਕਿਵ ਸਚਿਆਰਾ ਹੋਈਐ” ਸਫਲਤਾਪੂਰਵਕ ਸੰਪੰਨ ਹੋ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਗੁਰਮਤਿ ਸਿਧਾਂਤਾਂ, ਸਮਾਜਿਕ ਜਾਗਰੂਕਤਾ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ਼ ਵਿਖਿਆਨ ਕਰਵਾਏ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਇਲਾਕੇ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਵਾਏ ਗਏ। ਕੈਂਪ ਦੀ ਕੋਆਰਡੀਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਸ਼ਹਿਰੀ ਭੀੜ-ਭੜੱਕੇ ਤੋਂ ਦੂਰ ਕੁਦਰਤੀ ਮਾਹੌਲ ਵਿੱਚ ਲਗਾਏ ਗਏ ਇਸ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਗੁਰਮਤਿ ਦਾ ਪਸਾਰ ਕਰਨਾ ਅਤੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ, ਵਹਿਮਾਂ-ਭਰਮਾਂ ਅਤੇ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰਹਿ ਕੇ ਚੰਗਾ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸੀ। ਕੈਂਪ ਦੇ ਪਹਿਲੇ ਦਿਨ ਡਾ. ਨਵਲਪ੍ਰੀਤ ਸਿੰਘ ਨੇ ਸ਼ੋਸ਼ਲ ਮੀਡੀਆ ਦੀ ਸਹੀ ਅਤੇ ਸੰਜੀਦਾ ਵਰਤੋਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ ਨੇ ਗੁਰਬਾਣੀ ਅਤੇ ਵਹਿਮ-ਭਰਮ ਵਿਸ਼ੇ ’ਤੇ ਵਿਸਥਾਰ ਨਾਲ ਚਾਨਣ ਪਾਇਆ। ਦੂਜੇ ਦਿਨ ਗੁਰਮਤਿ ਪ੍ਰਸਾਰ ਟ੍ਰੇਨਿੰਗ ਇੰਸਟੀਚਿਊਟ ਮੁੰਡੀ ਖਰੜ ਦੇ ਵਾਈਸ ਪ੍ਰਿੰਸੀਪਲ ਹਰਬੀਰ ਸਿੰਘ ਨੇ ਪੰਥ ਦੇ ਨਿਆਰਾਪਣ ਅਤੇ ਹੋਰ ਧਰਮਾਂ ਦੇ ਸਤਿਕਾਰ ਸਬੰਧੀ ਵਿਚਾਰ ਸਾਂਝੇ ਕੀਤੇ। ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ-34 ਚੰਡੀਗੜ੍ਹ ਦੇ ਹੈੱਡ ਗ੍ਰੰਥੀ ਜਸਵਿੰਦਰ ਸਿੰਘ ਨੇ “ਸਾਕਤ ’ਤੇ ਸੂਕਰ ਭਲਾ” ਵਿਸ਼ੇ ’ਤੇ ਸੰਬੋਧਨ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸੁਖਵਿੰਦਰ ਸਿੰਘ ਰਟੌਲ ਨੇ ਗੁਰਮੁਖੀ ਭਾਸ਼ਾ ਦੇ ਆਰੰਭ, ਵਿਕਾਸ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਕੈਂਪ ਦੇ ਆਖਰੀ ਦਿਨ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਡਾ. ਅਮਿਤੋਜ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਹਾਰਕ ਨੁਕਤੇ ਦੱਸੇ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲਾ ਤਾਰਾਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ ਅਤੇ ਗੁਰਦੁਆਰਾ ਬਿਭੌਰ ਸਾਹਿਬ ਨੰਗਲ ਦੇ ਦਰਸ਼ਨ ਕਰਵਾਏ ਗਏ। ਗੁਰਦੁਆਰਾ ਬਿਭੌਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਦਿਆਰਥੀਆਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸਿੱਖ ਧਰਮ ਨਾਲ ਸਬੰਧਤ ਸਵਾਲ ਪੁੱਛੇ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਜਵਾਬ ਦਿੱਤੇ। ਸਮਾਪਤੀ ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕੁਲਜੀਤ ਸਿੰਘ, ਹਰਮਨਜੀਤ ਸਿੰਘ, ਇੰਦਰਜੀਤ ਸਿੰਘ ਅੜੀ ਅਤੇ ਹਰਕੰਵਲ ਸਿੰਘ ਕੋਹਲੀ ਨੇ ਸ਼ਮੂਲੀਅਤ ਕਰਦਿਆਂ ਬੁਲਾਰਿਆਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਵੀ ਦਿੱਤੀ। ਇਸ ਮੌਕੇ ਸੁਖਜੀਤ ਕੌਰ ਨੇ ਗੁਰਮਿੰਦਰ ਸਿੰਘ ਭੁੱਲਰ, ਸੁਖਪਾਲ ਕੌਰ ਵਾਲੀਆ, ਗੁਰਿੰਦਰ ਕੌਰ ਅਤੇ ਆਸ਼ਾ ਰਾਣੀ ਦਾ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਵਿੱਚ ਹਰਪਾਲ ਸਿੰਘ, ਜਗਜੀਤ ਸਿੰਘ, ਮਨਦੀਪ ਕੌਰ, ਅੰਮ੍ਰਿਤਪਾਲ ਸਿੰਘ, ਨਿਰਮਲ ਸਿੰਘ, ਅੰਮ੍ਰਿਤਪਾਲ ਸਿੰਘ ਵਾਲੀਆ, ਮਨਜੀਤ ਕੌਰ ਅਤੇ ਕਰਮਜੀਤ ਕੌਰ ਸਮੇਤ ਹੋਰ ਹਾਜ਼ਰ ਸਨ। ਕੈਪਸ਼ਨ:ਚੀਫ ਖਾਲਸਾ ਦੀਵਾਨ ਵੱਲੋਂ ਲਗਾਏ ਗਏ ਕੈਂਪ ਦੀ ਸਮਾਪਤੀ ਮੌਕੇ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਪ੍ਰਬੰਧਕ ਅਤੇ ਵਿਦਿਆਰਥੀ।