ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਦਾ ਕਾਰਜਕਾਲ ਖਤਮ
ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਦਾ ਕਾਰਜਕਾਲ ਖਤਮ
Publish Date: Tue, 14 Apr 2026 04:58 PM (IST)
Updated Date: Tue, 14 Apr 2026 05:00 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਉਸ ਵੇਲੇ ਸਿਆਸੀ ਰੰਗ ਵਿੱਚ ਰੰਗ ਗਿਆ, ਜਦੋਂ ਮੰਚ ਤੋਂ ਹੀ ਸਰਕਾਰ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਤਿੱਖੇ ਸਵਾਲ ਉੱਠੇ। ਸਮਾਗਮ ਦੌਰਾਨ ਕੌਂਸਲਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਨਾਲ ਹੀ ਪਿਛਲੇ ਪੰਜ ਸਾਲਾਂ ਦੇ ਕੰਮਕਾਜ ਅਤੇ ਆਉਣ ਵਾਲੀ ਰਾਜਨੀਤੀ ‘ਤੇ ਵੀ ਖੁੱਲ੍ਹ ਕੇ ਗੱਲਬਾਤ ਹੋਈ। ਕਾਰਜਕ੍ਰਮ ਦੀ ਸ਼ੁਰੂਆਤ ਸਟਾਫ ਅਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਕੇ ਕੀਤੀ ਗਈ, ਜਿਸ ਵਿੱਚ ਕੌਂਸਲਰਾਂ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਨੂੰ “ਸਫਲ” ਦੱਸਿਆ। ਉਨ੍ਹਾਂ ਕਿਹਾ ਕਿ ਘੱਟ ਸਾਧਨਾਂ ਦੇ ਬਾਵਜੂਦ ਸ਼ਹਿਰ ਵਿੱਚ ਵਿਕਾਸ ਕਾਰਜ ਕੀਤੇ ਗਏ ਅਤੇ ਸਾਰੇ ਮਿਲਜੁਲ ਕੇ ਕੰਮ ਕੀਤਾ ਗਿਆ। ਉਨ੍ਹਾਂ ਇਹ ਵੀ ਵਿਸ਼ਵਾਸ ਜਤਾਇਆ ਕਿ ਜੇ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਉਹ ਦੁਬਾਰਾ ਚੋਣ ਜਿੱਤ ਕੇ ਵਾਪਸੀ ਕਰਨਗੇ। ਇਸ ਮੌਕੇ ਕੌਂਸਲਰ ਹਿਮਾਂਸ਼ੂ ਟੰਡਨ, ਉਪ ਪ੍ਰਧਾਨ ਅਮਨਦੀਪ ਕੌਰ, ਜੀਵਨ ਜੋਤੀ, ਜਸਵਿੰਦਰ ਕੌਰ, ਜੋਤੀ, ਮਾੜੂ, ਸੁਖਵਿੰਦਰ ਕੌਰ, ਤੇਜਵੀਰ ਸਿੰਘ ਜਗੀਰਦਾਰ ਅਤੇ ਜੁਗਿੰਦਰ ਸਿੰਘ ਬਿੱਟੂ ਨੂੰ ਪ੍ਰਧਾਨ ਸੁਰਿੰਦਰਪਾਲ ਕੌੜਾ ਵੱਲੋਂ ਸਨਮਾਨਿਤ ਕੀਤਾ ਗਿਆ। ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਪ੍ਰਧਾਨ ਦਾ ਦਰਦ ਛਲਕਿਆ ਪ੍ਰਧਾਨ ਸੁਰਿੰਦਰਪਾਲ ਕੌੜਾ ਨੇ ਮੰਚ ਤੋਂ ਹੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਤੰਗ-ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਭਾਵੇਂ 50 ਲੱਖ ਰੁਪਏ ਦਾ ਚੈਕ ਦਿੱਤਾ ਗਿਆ, ਪਰ ਉਸ ਰਕਮ ਨੂੰ ਵਰਤਣ ਦੀ ਆਗਿਆ ਨਹੀਂ ਦਿੱਤੀ ਗਈ, ਜਿਸ ਕਾਰਨ ਵਿਕਾਸ ਕਾਰਜ ਰੁਕੇ ਰਹੇ। ਉਨ੍ਹਾਂ ਕਿਹਾ ਕਿ ਪੈਸਾ ਅੱਜ ਵੀ ਪਿਆ ਹੈ, ਕੰਮ ਨਹੀਂ ਕਰਨ ਦਿੱਤਾ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਹੋਏ ਪ੍ਰੋਜੈਕਟਾਂ ਨੂੰ ਜਾਣਬੁੱਝ ਕੇ ਰੋਕਿਆ ਗਿਆ ਤਾਂ ਜੋ ਕਿਸੇ ਹੋਰ ਦਾ ਨਾਮ ਨਾ ਬਣੇ। ਰਾਣਾ ਕੇਪੀ ਵੱਲੋਂ ਸ਼ੁਰੂ ਕੀਤਾ ਕਮਿਊਨਿਟੀ ਸੈਂਟਰ ਪ੍ਰੋਜੈਕਟ ਵੀ ਅਧ ਵਿਚ ਲਟਕਾ ਦਿੱਤਾ ਗਿਆ। ਪ੍ਰਧਾਨ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਹੁਤ ਜ਼ੋਰ ਲਾਇਆ ਗਿਆ, ਪਰ ਰਾਣਾ ਕੇਪੀ ਦੀ ਟੀਮ ਇੱਕਜੁੱਟ ਰਹੀ ਅਤੇ ਟੁੱਟੀ ਨਹੀਂ। “ਦਬਾਅ ਵੀ ਸੀ, ਪਰ ਅਸੀਂ ਟਸ ਤੋਂ ਮਸ ਨਹੀਂ ਹੋਏ,” ਉਨ੍ਹਾਂ ਦੋ ਟੂਕ ਕਿਹਾ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਉਹ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਜ਼ਿੰਦਗੀ ਭਰ ਕਾਂਗਰਸ ਨਾਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਆਪਣੇ ਸਿਧਾਂਤਾਂ ‘ਤੇ ਕਾਇਮ ਰਹੇ।