ਨਗਰ ਪੰਚਾਇਤ ਦਾ ਕਾਰਜਕਾਲ ਖ਼ਤਮ ਹੋਣ ਕੰਢੇ ਪਰ ਕਮਿਊਨਿਟੀ ਸੈਂਟਰ ਅਧੂਰਾ
ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਦਾ ਕਾਰਜਕਾਲ ਖਤਮ ਹੋਣ ਨੇੜੇ ਪਰ ਇਕ ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ
Publish Date: Fri, 10 Apr 2026 07:07 PM (IST)
Updated Date: Fri, 10 Apr 2026 07:11 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦਾ ਪੰਜ ਸਾਲ ਦਾ ਕਾਰਜਕਾਲ ਖਤਮ ਹੋਣ ਦੇ ਨਜ਼ਦੀਕ ਹੈ ਕੁਝ ਹੀ ਦਿਨਾਂ ਵਿਚ ਪ੍ਰਬੰਧਕ ਲਗਾਏ ਜਾ ਰਹੇ ਹਨ। ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਵਿਚ ਕਮਿਊਨਿਟੀ ਸੈਂਟਰ ਦਾ ਨਿਰਮਾਣ ਵੱਡੇ ਪੱਧਰ ‘ਤੇ ਹੋਣ ਜਾ ਰਿਹਾ ਸੀ, ਹੁਣ ਲਗਭਗ ਪੰਜ ਵਰਿਆਂ ਤੋਂ ਉਹ ਕਮਿਊਨਿਟੀ ਸੈਂਟਰ ਅੱਧ ਦੇ ਵਿਚ ਲੜਕਿਆ ਹੋਇਆ ਹੈ, ਜੋ ਕਿ ਸਫੇਦ ਹਾਥੀ ਬਣਿਆ ਹੋਇਆ ਹੈ ਜ਼ਿਕਰਯੋਗ ਹੈ ਕਿ ਜਿੱਥੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ, ਉੱਥੇ ਲੋਕ ਮਹਿੰਗੇ ਭਾਅ ਦੇ ਪੈਲਸ ਬੁੱਕ ਕਰਕੇ ਜਾਂ ਗਲੀਆਂ ਦੇ ਵਿਚ ਟੈਂਟ ਲਗਾ ਕੇ ਵਿਆਹ ਕਰਨ ਦੇ ਲਈ ਮਜਬੂਰ ਹਨ। ਕਮਿਊਨਿਟੀ ਸੈਂਟਰ ਨਾ ਹੋਣ ਕਾਰਨ ਲੋਕਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਇਕ ਕਰੋੜ 61 ਲੱਖ ਰੁਪਏ ਦੀ ਲਾਗਤ ਦੇ ਨਾਲ ਕਮਿਊਨਿਟੀ ਸੈਂਟਰ ਤਿਆਰ ਹੋਣਾ ਸੀ ਜੋ ਅੱਧ ਤੋਂ ਵੱਧ ਤਿਆਰ ਹੋ ਚੁੱਕਾ ਹੈ, ਪਰ ਅੰਦਰੂਨੀ ਤਿਆਰੀ ਅਧੂਰੀ ਕਾਰਨ ਅੱਧ ਦੇ ਵਿਚ ਲਟਕਿਆ ਹੋਇਆ ਹੈ। ਪਹਿਲਾਂ ਵੱਡੇ ਪੱਧਰ ‘ਤੇ ਇਸ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲਿਆ ਉਸ ਤੋਂ ਬਾਅਦ ਹੌਲੀ ਹੌਲੀ ਕੰਮ ਹੋਲੀ ਹੁੰਦਾ ਰਿਹਾ ਜਿਸ ਤੋਂ ਬਾਅਦ ਕਰੋਨਾ ਕਾਲ ਆ ਗਿਆ ਅਤੇ ਕੰਮ ਪੂਰਨ ਤੌਰ ‘ਤੇ ਬੰਦ ਹੋ ਗਿਆ, ਠੇਕੇਦਾਰ ਵੱਲੋਂ ਇਸ ਦੀ ਬਿਲਡਿੰਗ ਦਾ ਲੈਂਟਰ ਵੀ ਪਾ ਦਿੱਤਾ ਗਿਆ ਅਤੇ ਲਗਭਗ ਅੱਧਾ ਕੰਮ ਹੋ ਚੁੱਕਾ ਹੈ, ਪਰ ਇਸ ਕੰਮ ਨੂੰ ਰੁਕੇ ਹੋਏ ਲਗਭਗ ਪੰਜ ਵਰੇ ਹੋ ਗਏ ਹਨ ਕੰਮ ਚੱਲਣ ਦਾ ਨਾਮ ਨਹੀਂ ਲੈ ਰਿਹਾ ਜਿਸ ਨਾਲ ਜਿੱਥੇ ਲੱਗਿਆ ਹੋਇਆ ਪੈਸਾ ਬਰਬਾਦ ਹੋ ਰਿਹਾ ਹੈ, ਉੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜਾ ਇਸ ਕਮਿਊਨਿਟੀ ਸੈਂਟਰ ਦੀ ਹਾਲਤ ਹੌਲੀ ਹੌਲੀ ਵਿਗੜਦੀ ਜਾ ਰਹੀ ਹੈ ਜਿਨ੍ਹਾਂ ਵੀ ਤਿਆਰ ਹੋਇਆ ਹੈ, ਉਸ ਦੀਆਂ ਕੰਧਾਂ ਵੀ ਟੁੱਟਦੀਆਂ ਜਾ ਰਹੀਆਂ ਹਨ ਨਾਲ ਪਹਾੜ ਹੋਣ ਕਾਰਨ ਮਿੱਟੀ ਕਮਿਊਨਿਟੀ ਸੈਂਟਰ ਦੇ ਅੰਦਰ ਗਿਰ ਰਹੀ ਹੈ ਜਿਸ ਨਾਲ ਜਿੱਥੇ ਕੰਧਾਂ ਟੁੱਟ ਰਹੀਆਂ ਹਨ, ਉੱਥੇ ਕਮਿਊਨਿਟੀ ਸੈਂਟਰ ਦੇ ਅੰਦਰ ਚਿੱਕੜ ਭਰਿਆ ਹੋਇਆ ਹੈ। ਜਿੱਥੇ ਅਵਾਰਾ ਜਾਨਵਰ ਬੈਠੇ ਨਜ਼ਰ ਆਉਂਦੇ ਹਨ। ਅਵਾਰਾ ਜਾਨਵਰਾਂ ਦੇ ਨਾਲ ਨਾਲ ਇੱਥੇ ਜਹਰੀਲੀ ਘਾਹ ਬੂਟੀ ਉੱਗੀ ਹੋਈ ਹੈ ਜਿਸ ਵਿਚ ਜਹਰੀਲੇ ਜਾਨਵਰ ਵੀ ਰਹਿ ਰਹੇ ਹਨ। ਇਸ ਨਾਲ ਸ਼ਹਿਰ ਵਾਸੀਆਂ ਦਾ ਤਾਂ ਨੁਕਸਾਨ ਹੋਇਆ ਹੀ ਹੈ ਨਾਲ ਹੀ ਸਰਕਾਰੀ ਪੈਸਾ ਵੀ ਬਰਬਾਦ ਹੋ ਰਿਹਾ ਹੈ। ਲੋਕਾਂ ਵੱਲੋਂ ਖੂਨ ਪਸੀਨੇ ਦੀ ਕਮਾਈ ਨਾਲ ਦਿੱਤੇ ਗਏ ਟੈਕਸ ਨਾਲ ਬਣਾਏ ਗਏ ਅਧੂਰੇ ਕਮਿਊਨਿਟੀ ਸੈਂਟਰ ਰਾਜਨੀਤੀ ਦੀ ਭੇਟ ਚੜ ਗਿਆ ਹੈ। ਇਸ ਦੌਰਾਨ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ ਸੁਰਿੰਦਰ ਪਾਲ ਕੋੜਾ ਨੇ ਕਿਹਾ ਕਿ ਫੰਡ ਨਾ ਹੋਣ ਕਾਰਨ ਕੰਮ ਰੁਕਿਆ ਹੋਇਆ ਹੈ ਫੰਡਾ ਦੀ ਕਮੀ ਕਾਰਨ ਕਮਿਊਨਿਟੀ ਸੈਂਟਰ ਦਾ ਕੰਮ ਅਧੂਰਾ ਰਹਿ ਗਿਆ। ਜੇਕਰ ਸਮੇਂ ਸਿਰ ਫੰਡ ਮਿਲ ਜਾਂਦੇ ਤਾਂ ਇਹ ਕੰਮ ਪੂਰਾ ਹੋ ਸਕਦਾ ਸੀ, ਪਰ ਸਰਕਾਰ ਵੱਲੋਂ ਪੂਰਨ ਸਹਿਯੋਗ ਨਾ ਮਿਲਣ ਕਰਕੇ ਕੰਮ ਅਧੂਰਾ ਰਹਿ ਗਿਆ। ਬਾਕਸ ਦੂਜੇ ਪਾਸੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਮੁੱਖ ਕੰਮਾਂ ਦੇ ਵਿਚ ਕਮਿਊਨਿਟੀ ਸੈਂਟਰ ਦਾ ਕੰਮ ਵੀ ਸ਼ਾਮਿਲ ਹੈ ਜਿਸ ‘ਤੇ ਪੂਰਨ ਬਰਾਮ ਲੱਗਿਆ ਹੋਇਆ ਹੈ, ਜੋ ਕਿ ਵੇਖਣ ਵਿਚ ਰਾਜਨੀਤੀ ਦੀ ਭੇਂਟ ਚੜਿਆ ਹੋਇਆ ਲੱਗ ਰਿਹਾ ਹੈ ਕਿਉਂਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਨ, ਜਦੋਂ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਿਚ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਖਾਸਮ ਖਾਸ ਸੁਰਿੰਦਰ ਪਾਲ ਕੋੜਾ ਕਾਬਜ਼ ਹਨ ਜਿਨ੍ਹਾਂ ਦਾ ਕਾਰਜਕਾਲ ਵੀ ਕੁਝ ਹੀ ਦਿਨਾਂ ਵਿਚ ਸਮਾਪਤ ਹੋ ਰਿਹਾ ਹੈ। ਸਰਕਾਰ ਅਤੇ ਨਗਰ ਪੰਚਾਇਤ ਵਿਚ ਆਪਸੀ ਤਾਲਮੇਲ ਦੀ ਘਾਟ ਨਜ਼ਰ ਆ ਰਹੀ ਹੈ ਅਤੇ ਵਿਕਾਸ ਕਾਰਜ ਰੁਕ ਰਹੇ ਹਨ।