ਅਣ-ਅਧਿਕਾਰਤ ਕਲੋਨੀਆਂ ਦਾ ਗੋਰਖ ਧੰਦਾ ਜ਼ੋਰਾਂ ’ਤੇ
ਅਣ-ਅਧਿਕਾਰਤ ਕਲੋਨੀਆਂ ਦਾ ਗੋਰਖ ਧੰਦਾ ਜ਼ੋਰਾਂ ’ਤੇ ਪ੍ਰਸ਼ਾਸਨ ਨੂੰ ਕਰੋੜਾਂ ਦਾ ਨੁਕਸਾਨ
Publish Date: Thu, 26 Mar 2026 05:15 PM (IST)
Updated Date: Thu, 26 Mar 2026 05:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਇਲਾਕੇ ਵਿਚ ਅਣ-ਅਧਿਕਾਰਤ ਕਲੋਨੀਆਂ ਕੱਟਣ ਦਾ ਗੋਰਖ ਧੰਦਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਖ਼ਾਸ ਕਰਕੇ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਮਾਰਗ ਉੱਤੇ ਇਹ ਗੈਰਕਾਨੂੰਨੀ ਕਾਰੋਬਾਰ ਬਹੁਤ ਵੱਡੇ ਪੱਧਰ ‘ਤੇ ਫੈਲ ਚੁੱਕਾ ਹੈ। ਭਰੋਸੇ ਯੋਗ ਸੂਤਰਾਂ ਦਾ ਕਹਿਣਾ ਹੈ ਕਿ ਭੂ ਮਾਫੀਆ ਵੱਲੋਂ ਬਿਨ੍ਹਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਵੰਡ ਕੇ ਰਿਹਾਇਸ਼ੀ ਪਲਾਟਾਂ ਦੇ ਨਾਲ-ਨਾਲ ਮਾਰਕੀਟ ਕੰਪਲੈਕਸ ਵੀ ਤਿਆਰ ਕਰਕੇ ਵੇਚੇ ਜਾ ਰਹੇ ਹਨ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇਹਨਾਂ ਵੱਲੋਂ ਪ੍ਰਸ਼ਾਸਨ ਤੋਂ ਕਿਸੇ ਵੀ ਤਰ੍ਹਾਂ ਦੀ ਆਗਿਆ ਨਹੀਂ ਲਈ ਜਾਂਦੀ। ਨਾ ਕੋਈ ਨਕਸ਼ਾ ਮਨਜ਼ੂਰ ਕਰਵਾਇਆ ਜਾਂਦਾ ਹੈ ਅਤੇ ਨਾ ਹੀ ਕਿਸੇ ਵਿਭਾਗ ਤੋਂ ਮਨਜ਼ੂਰੀ ਲਈ ਜਾਂਦੀ ਹੈ। ਇਸ ਦੇ ਬਾਵਜੂਦ ਖੁੱਲ੍ਹੇਆਮ ਲੋਕਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨਾਲ ਖੇਡਿਆ ਜਾ ਰਿਹਾ ਹੈ। ਇਹ ਅਣ-ਅਧਿਕਾਰਤ ਕਲੋਨੀਆਂ ਵਿਚ ਨਾ ਸਿਰਫ ਘਰਾਂ ਲਈ ਪਲਾਟ ਕੱਟੇ ਜਾ ਰਹੇ ਹਨ, ਸਗੋਂ ਵਪਾਰਕ ਮਕਸਦ ਲਈ ਮਾਰਕੀਟ ਕੰਪਲੈਕਸ ਵੀ ਬਣਾਏ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਮੀਨਾਂ ਅਸਲ ਵਿਚ ਸਰਕਾਰੀ ਨਿਰਧਾਰਿਤ ਰੇਟ ਨਾਲੋਂ ਕਾਫੀ ਵੱਧ ਮੁੱਲ ‘ਤੇ ਵੇਚੀਆਂ ਅਤੇ ਖਰੀਦੀਆਂ ਜਾਂਦੀਆਂ ਹਨ, ਪਰ ਰਜਿਸਟਰੀ ਸਮੇਂ ਸਰਕਾਰ ਨੂੰ ਰੈਵਨਿਊ ਸਿਰਫ ਸਰਕਾਰੀ ਰੇਟ ਦੇ ਅਧਾਰ ‘ਤੇ ਹੀ ਦਿੱਤਾ ਜਾਂਦਾ ਹੈ। ਇਸ ਤਰੀਕੇ ਨਾਲ ਸਰਕਾਰ ਨੂੰ ਵੱਡੇ ਪੱਧਰ ‘ਤੇ ਆਮਦਨ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਕਲੋਨੀਆਂ ਵਿਚ ਮੁਢਲੀਆਂ ਸੁਵਿਧਾਵਾਂ ਦੀ ਭਾਰੀ ਕਮੀ ਹੈ। ਨਾ ਢੰਗ ਦੀਆਂ ਸੜਕਾਂ, ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ, ਨਾ ਹੀ ਗੰਦਗੀ ਨਿਕਾਸ ਦੀ ਸੁਵਿਧਾ ਅਤੇ ਨਾ ਹੀ ਪੂਰੀ ਬਿਜਲੀ ਸਹੂਲਤ । ਇਸ ਗੋਰਖ ਧੰਦੇ ਕਾਰਨ ਇੱਕ ਪਾਸੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਭੂ ਮਾਫੀਆ ਮਾਲਾਮਾਲ ਹੋ ਰਹੇ ਹਨ। ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਜੇਕਰ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ ਤਾਂ ਇਹ ਗੈਰਕਾਨੂੰਨੀ ਕਾਰੋਬਾਰ ਇੱਕ ਝਟਕੇ ਵਿਚ ਰੋਕਿਆ ਜਾ ਸਕਦਾ ਹੈ, ਪਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਸਾਹਮਣੇ ਨਹੀਂ ਆ ਰਹੀ। ਇਲਾਕੇ ਦੇ ਜਾਗਰੂਕ ਨਾਗਰਿਕਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ, ਅਣ-ਅਧਿਕਾਰਤ ਕਲੋਨੀਆਂ ਨੂੰ ਬੰਦ ਕਰਵਾਇਆ ਜਾਵੇ ਅਤੇ ਲੋਕਾਂ ਦੀ ਮਿਹਨਤ ਦੀ ਕਮਾਈ ਦੀ ਰੱਖਿਆ ਯਕੀਨੀ ਬਣਾਈ ਜਾਵੇ।