ਨੂਰਪੁਰਬੇਦੀ ‘ਚ ਗੈਸ ਸੰਕਟ ਬੇਕਾਬੂ: 2 ਦਿਨਾਂ ਤੋਂ ਸਪਲਾਈ ਠੱਪ
ਨੂਰਪੁਰਬੇਦੀ ‘ਚ ਗੈਸ ਸੰਕਟ ਬੇਕਾਬੂ: 2 ਦਿਨਾਂ ਤੋਂ ਸਪਲਾਈ ਠੱਪ
Publish Date: Tue, 24 Mar 2026 06:46 PM (IST)
Updated Date: Tue, 24 Mar 2026 06:49 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਖੇਤਰ ‘ਚ ਘਰੇਲੂ ਗੈਸ ਸਪਲਾਈ ਦਾ ਸੰਕਟ ਹੁਣ ਗੰਭੀਰ ਰੂਪ ਧਾਰ ਚੁੱਕਾ ਹੈ। ਬੀਤੇ ਦੋ ਦਿਨਾਂ ਤੋਂ ਨੂਰਪੁਰਬੇਦੀ ਦੀ ਇੱਕ ਗੈਸ ਏਜੰਸੀ ਨੂੰ ਕੰਪਨੀ ਵੱਲੋਂ ਇਕ ਵੀ ਸਿਲੰਡਰ ਸਪਲਾਈ ਨਾ ਮਿਲਣ ਕਾਰਨ 138 ਪਿੰਡਾਂ ਦੇ ਸੈਂਕੜੇ ਖਪਤਕਾਰ ਰੋਜ਼ਾਨਾ ਘੰਟਿਆਂ ਲਾਈਨਾਂ ‘ਚ ਖੜ੍ਹੇ ਹੋਣ ਦੇ ਬਾਵਜੂਦ ਖਾਲੀ ਹੱਥ ਘਰ ਵਾਪਸ ਜਾਣ ਲਈ ਮਜਬੂਰ ਹਨ। ਜਿੱਥੇ ਇੱਕ ਪਾਸੇ ਦੇਸ਼ ਪੱਧਰ ‘ਤੇ ਤੇਲ ਅਤੇ ਗੈਸ ਦੇ ਭਰਪੂਰ ਭੰਡਾਰ ਦੇ ਦਾਵੇ ਕੀਤੇ ਜਾ ਰਹੇ ਹਨ, ਉੱਥੇ ਨੂਰਪੁਰਬੇਦੀ ਦੀ ਜਮੀਨੀ ਹਕੀਕਤ ਇਹ ਦੱਸ ਰਹੀ ਹੈ ਕਿ ਸਿਸਟਮ ‘ਚ ਕਿਤੇ ਨਾ ਕਿਤੇ ਵੱਡੀ ਖਾਮੀ ਹੈ। ਜਾਣਕਾਰੀ ਮੁਤਾਬਕ, ਇਲਾਕੇ ‘ਚ ਭਾਰਤ ਗੈਸ ਦੀਆਂ ਦੋ ਏਜੰਸੀਆਂ ਨਾਲ ਕਰੀਬ 35 ਹਜ਼ਾਰ ਖਪਤਕਾਰ ਜੁੜੇ ਹੋਏ ਹਨ। ਜੈ ਹਿੰਦ ਗੈਸ ਏਜੰਸੀ ਨਾਲ ਲਗਭਗ 10 ਹਜ਼ਾਰ ਖਪਤਕਾਰ ਰਜਿਸਟਰਡ ਹਨ, ਪਰ ਬੀਤੇ ਦੋ ਦਿਨਾਂ ਤੋਂ ਉੱਥੇ ਸਪਲਾਈ ਬਿਲਕੁਲ ਠੱਪ ਹੈ। ਸ਼ਨੀਵਾਰ ਨੂੰ ਆਏ ਸੀਮਿਤ ਸਿਲੰਡਰਾਂ ‘ਚੋਂ ਵੀ ਕੇਵਲ ਕਰੀਬ 300 ਖਪਤਕਾਰਾਂ ਨੂੰ ਹੀ ਡਿਲਿਵਰੀ ਮਿਲ ਸਕੀ, ਜਦਕਿ ਬਾਕੀ ਲੋਕ ਉਡੀਕ ਕਰਦੇ ਰਹਿ ਗਏ।ਇਸੇ ਤਰ੍ਹਾਂ ਸ਼ਹੀਦ ਗੋਪਾਲ ਗੈਸ ਏਜੰਸੀ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ। 19 ਮਾਰਚ ਨੂੰ ਆਖਰੀ ਵਾਰ ਸਿਲੰਡਰ ਪਹੁੰਚਣ ਤੋਂ ਬਾਅਦ ਲਗਾਤਾਰ ਕਈ ਦਿਨ ਸਪਲਾਈ ਨਾ ਹੋਣ ਕਾਰਨ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਜਦ ਸਪਲਾਈ ਪਹੁੰਚੀ ਤਾਂ ਸੜਕਾਂ ‘ਤੇ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਇਸ ਦਰਮਿਆਨ ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ਾਂ ਨੇ ਵੀ ਖਪਤਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਉਜਵਲਾ ਯੋਜਨਾ ਵਾਲੇ ਖਪਤਕਾਰਾਂ ਨੂੰ ਗੈਸ ਸਿਲੰਡਰ ਲਈ 45 ਦਿਨ ਤੱਕ ਇੰਤਜ਼ਾਰ ਕਰਨਾ ਪਵੇਗਾ, ਜਦਕਿ ਪਹਿਲਾਂ ਇਹ ਸਮਾਂ 25 ਦਿਨ ਸੀ। ਇਸ ਨਾਲ ਗਰੀਬ ਵਰਗ ‘ਤੇ ਹੋਰ ਬੋਝ ਪੈਣ ਦੀ ਸੰਭਾਵਨਾ ਹੈ। ਸਥਾਨਕ ਢਾਬਿਆਂ ਅਤੇ ਰੈਸਟੋਰੈਂਟਾਂ ਲਈ ਹਾਲਾਤ ਹੋਰ ਵੀ ਚਿੰਤਾਜਨਕ ਹਨ। ਬਾਵਜੂਦ ਇਸਦੇ ਕਿ ਕਮਰਸ਼ੀਅਲ ਗੈਸ ਦਾ ਕੋਟਾ ਵਧਾਉਣ ਦੇ ਐਲਾਨ ਹੋਏ ਸਨ, ਨੂਰਪੁਰਬੇਦੀ ‘ਚ ਪਿਛਲੇ ਇੱਕ ਮਹੀਨੇ ਤੋਂ ਕਮਰਸ਼ੀਅਲ ਸਿਲੰਡਰ ਦੀ ਸਪਲਾਈ ਨਹੀਂ ਹੋਈ। ਇਸ ਨਾਲ ਕਾਰੋਬਾਰ ‘ਤੇ ਸਿੱਧਾ ਅਸਰ ਪੈ ਰਿਹਾ ਹੈ। ਕੰਪਨੀ ਅਧਿਕਾਰੀ ਚੁੱਪ, ਸਵਾਲਾਂ ਤੋਂ ਬਚਦੇ ਨਜ਼ਰ ਆਏ ਮਾਮਲੇ ‘ਚ ਭਾਰਤ ਗੈਸ ਦੇ ਸੇਲ ਅਫਸਰ ਨਾਲ ਸੰਪਰਕ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਨ੍ਹਾਂ ਵੱਲੋਂ ਨਾ ਫੋਨ ਉਠਾਇਆ ਗਿਆ ’ਤੇ ਨਾ ਹੀ ਮੈਸੇਜ ਦਾ ਜਵਾਬ ਦਿੱਤਾ ਗਿਆ। ਇਸ ਚੁੱਪੀ ਨੇ ਮਾਮਲੇ ਨੂੰ ਹੋਰ ਸੰਦੇਹਪੂਰਨ ਬਣਾ ਦਿੱਤਾ ਹੈ। ਨੂਰਪੁਰਬੇਦੀ ‘ਚ ਬਣੀ ਇਹ ਸਥਿਤੀ ਸਿਰਫ਼ ਸਪਲਾਈ ਦੀ ਘਾਟ ਨਹੀਂ, ਸਗੋਂ ਪ੍ਰਬੰਧਕੀ ਨਾਕਾਮੀ ਵੱਲ ਵੀ ਇਸ਼ਾਰਾ ਕਰਦੀ ਹੈ। ਜੇਕਰ ਜਲਦ ਹੀ ਹਾਲਾਤ ਕਾਬੂ ‘ਚ ਨਾ ਲਿਆਂਦੇ ਗਏ ਤਾਂ ਲੋਕਾਂ ਦਾ ਗੁੱਸਾ ਕਿਸੇ ਵੀ ਵੇਲੇ ਸੜਕਾਂ ‘ਤੇ ਫੱਟ ਸਕਦਾ ਹੈ।