ਬਾਬਾ ਗੁਰਦਿੱਤਾ ਜੀ ਉਤਰਾਈ ਤੋ ਰੁੜ ਕੇ ਬਸ ਕਾਰ ਨਾਲ ਟਕਰਾਈ
ਬਾਬਾ ਗੁਰਦਿੱਤਾ ਜੀ ਉਤਰਾਈ ਤੋ ਰੁੜ ਕੇ ਬਸ ਕਾਰ ਨਾਲ ਟਕਰਾਈ
Publish Date: Mon, 23 Mar 2026 04:01 PM (IST)
Updated Date: Mon, 23 Mar 2026 04:04 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਧਾਰਮਿਕ ਸਥਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਜੋ ਕਿ ਭੂਗੋਲਿਕ ਸਥਿਤੀ ਦੇ ਨਾਲ ਉਚਾਈ ’ਤੇ ਸਥਿਤ ਹੈ, ਉੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ’ਚ ਰਾਸਤੇ ਦੇ ਅੱਧ ਵਿਚਕਾਰ ਪਾਰਕਿੰਗ ’ਚ ਖੜ੍ਹੀ ਬੱਸ ਰਿੜ ਗਈ ਜਿਸ ਨਾਲ ਇਕ 60 ਸਾਲਾ ਮਹਿਲਾ ਗੁਰਮੀਤ ਕੌਰ ਤੇ ਉਸ ਦੀ ਪੋਤੀ ਬਬਲੀ ਬੱਸ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਗਈਆਂ, ਗੁਰਮੀਤ ਕੌਰ ਜੋ ਕਿ ਬਾਬਾ ਬਕਾਲਾ ਦੀ ਰਹਿਣ ਵਾਲੀ ਹੈ ਦੇ ਪੈਰ ਤੇ ਸਿਰ ’ਤੇ ਸੱਟਾਂ ਲੱਗੀਆਂ ਹਨ, ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਐਂਬੂਲੈਂਸ ਰਾਹੀਂ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਇਹ ਬਸ ਰਾਹੀਂ ਸੰਗਤ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਬਾਬਾ ਗੁਰਦਿੱਤਾ ਜੀ ਵਿਖੇ ਆਈਆਂ ਹੋਈਆਂ ਸਨ ਜਦੋਂ ਸੰਗਤਾਂ ਦਰਸ਼ਨ ਕਰਨ ਲਈ ਗਈਆਂ ਤਾਂ ਡਰਾਈਵਰ ਵੱਲੋਂ ਬੱਸ ਨੂੰ ਚੜਾਈ ’ਚ ਇੱਕ ਸਾਈਡ ’ਤੇ ਖੜ੍ਹਾ ਕਰ ਦਿੱਤਾ ਗਿਆ ਅਤੇ ਬੱਸ ਨੂੰ ਨਿਊਟਲ ਛੱਡ ਦਿੱਤਾ। ਬੱਸ ਦੇ ਟਾਇਰਾਂ ਨੂੰ ਕੋਈ ਪੱਥਰ ਜਾਂ ਓਟ ਆਸਰਾ ਨਹੀਂ ਲਗਾਇਆ ਗਿਆ। ਇਸ ਦੌਰਾਨ ਬੱਸ ਆਪਣੇ ਆਪ ਰਿੜ ਕੇ ਥੱਲੇ ਵੱਲ ਆ ਗਈ ਤੇ ਰਸਤੇ ’ਚ ਖੜੀ ਇੱਕ ਕਾਰ ਨੰਬਰ ਪੀ,ਬੀ 09 ਏ,ਐਮ 9907 ਨਾਲ ਟਕਰਾ ਗਈ। ਹਾਦਸੇ ਕਾਰਨ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਡਰਾਈਵਰ ਤੋਂ ਬਸ ਰਿੜਨ ਦੇ ਕਾਰਨਾਂ ਦਾ ਪਤਾ ਕਰਨ ਮਗਰੋਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਦੌਰਾਨ ਏਐੱਸਆਈ ਲੇਖਾ ਸਿੰਘ ਨੇ ਦੱਸਿਆ ਕਿ ਜ਼ੇਰੇ ਇਲਾਜ ਔਰਤ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਡੀਆਂ ਗੱਡੀਆਂ ਨੂੰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਨਾ ਲਿਜਾਇਆ ਜਾਵੇ। ਇਸ ਤੋਂ ਪਹਿਲਾਂ ਵੀ ਟਰੈਕਟਰ ਟਰਾਲੀਆਂ ਅਤੇ ਵੱਡੇ ਟਰੱਕਾਂ ਦੇ ਹਾਦਸੇ ਇਸ ਜਗ੍ਹਾ ’ਤੇ ਵਾਪਰ ਚੁੱਕੇ ਹਨ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵੱਡੀਆਂ ਗੱਡੀਆਂ ਅਤੇ ਟਰੈਕਟਰ ਟਰਾਲੀਆਂ ਨੂੰ ਉੱਤੇ ਜਾਣ ਤੋਂ ਰੋਕਿਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ।