45 ਕਰੋੜ ਦੀ ਲਾਗਤ ਨਾਲ ਸੜਕਾਂ ਅਤੇ ਪੁਲਾਂ ਦਾ ਹੋ ਰਿਹਾ ਹੈ ਵਿਸਥਾਰ : ਹਰਜੋਤ ਬੈਂਸ
45 ਕਰੋੜ ਦੀ ਲਾਗਤ ਨਾਲ ਸੜਕਾਂ ਅਤੇ ਪੁਲਾਂ ਦਾ ਹੋ ਰਿਹਾ ਹੈ ਵਿਸਥਾਰ: ਹਰਜੋਤ ਬੈਂਸ
Publish Date: Sat, 21 Mar 2026 05:32 PM (IST)
Updated Date: Sat, 21 Mar 2026 05:34 PM (IST)

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਦੋ ਮਹੱਤਵਪੂਰਨ ਪੁੱਲਾਂ ਦੀ ਉਸਾਰੀ ਜਾਰੀ ਹੈ, ਜੋ ਇਲਾਕੇ ਦੇ ਲੋਕਾਂ ਲਈ ਆਵਾਜਾਈ ਨੂੰ ਸੁਗਮ ਬਣਾਉਣ ਵਿਚ ਮੀਲ ਪੱਥਰ ਸਾਬਤ ਹੋਣਗੇ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਅੱਜ ਇਨ੍ਹਾਂ ਪੁੱਲਾਂ ’ਤੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਗਿਆ ਹੈ। ਪਹਿਲਾ ਪੁਲ ਕਲਿੱਤਰਾਂ ਤੋਂ ਬੇਲਾ ਧਿਆਨੀ/ਬੇਲਾ ਰਾਮਗੜ੍ਹ ਤੱਕ 20.77 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜਿਸ ਦੀ ਲੰਬਾਈ 333 ਮੀਟਰ ਹੈ। ਦੂਜਾ ਪੁੱਲ ਪਲਾਸੀ ਤੋਂ ਬੇਲਾ ਧਿਆਨੀ-ਬੇਲਾ ਰਾਮਗੜ੍ਹ ਤੱਕ ਸਤਲੁਜ ਨਦੀ ‘ਤੇ 11.23 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਲੰਬਾਈ 179.16 ਮੀਟਰ ਹੈ।ਉਨ੍ਹਾਂ ਨੇ ਦੱਸਿਆ ਕਿ ਦੋਨੋਂ ਪੁੱਲਾਂ ਦੀ ਚੌੜਾਈ 10 ਮੀਟਰ ਰੱਖੀ ਗਈ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਬਿਨ੍ਹਾਂ ਰੁਕਾਵਟ ਹੋਵੇਗੀ ਅਤੇ ਭਵਿੱਖ ਦੀਆਂ ਲੋੜਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਇਹ ਪ੍ਰੋਜੈਕਟ ਸਿਰਫ਼ ਦੋ ਥਾਵਾਂ ਨੂੰ ਨਹੀਂ ਜੋੜਦਾ, ਸਗੋਂ ਪੂਰੇ ਕੰਡੀ ਖੇਤਰ ਨੂੰ ਇੱਕ ਮਜ਼ਬੂਤ ਸੜਕ ਜਾਲ ਨਾਲ ਜੋੜੇਗਾ। ਇਸ ਨਾਲ ਸਥਾਨਕ ਲੋਕਾਂ ਨੂੰ ਰੋਜ਼ਾਨਾ ਦੇ ਸਫ਼ਰ ਵਿਚ ਕਾਫ਼ੀ ਸੁਵਿਧਾ ਮਿਲੇਗੀ ਅਤੇ ਆਰਥਿਕ ਗਤੀਵਿਧੀਆਂ ਵਿਚ ਵੀ ਤੇਜ਼ੀ ਆਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪੁੱਲਾਂ ਦੇ ਬਣਨ ਨਾਲ ਕਲਿੱਤਰਾਂ, ਪਲਾਸੀ, ਬੇਲਾ ਧਿਆਨੀ ਅਤੇ ਬੇਲਾ ਰਾਮਗੜ੍ਹ ਤੋਂ ਇਲਾਵਾ ਦੜੌਲੀ, ਭਨੂਪਲੀ, ਭਾਲੋਵਾਲ, ਜਾਂਦਲਾ, ਬ੍ਰਹਮਪੁਰ, ਅਜੌਲੀ, ਦਿਆਪੁਰ, ਗੋਹਲਣੀ, ਸਿੰਘਪੁਰ ਅਤੇ ਨਾਂਨਗਰਾਂ ਵਰਗੇ ਲਗਭਗ 30 ਤੋਂ 40 ਪਿੰਡਾਂ ਦੇ ਵਸਨੀਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਬਰਸਾਤ ਦੇ ਮੌਸਮ ਵਿਚ ਆਉਣ ਵਾਲੀਆਂ ਦਿਕ਼ਤਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਐਮਰਜੈਂਸੀ ਸੇਵਾਵਾਂ ਦੀ ਪਹੁੰਚ ਵੀ ਤੇਜ਼ ਹੋਵੇਗੀ। ਬੈਂਸ ਨੇ ਦੱਸਿਆ ਕਿ ਇਸ ਦੇ ਨਾਲ ਹੀ ਪੁੱਲਾਂ ਨੂੰ ਜੋੜਨ ਵਾਲੀਆਂ ਸੜਕਾਂ ਦੀ ਲੰਬਾਈ ਕਰੀਬ 11 ਕਿਲੋਮੀਟਰ ਹੋਵੇਗੀ ਅਤੇ ਇਨ੍ਹਾਂ ਨੂੰ ਚੌੜਾ ਕਰਨ ‘ਤੇ ਲਗਭਗ 13 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤਰ੍ਹਾਂ ਪੁੱਲਾਂ ਅਤੇ ਸੜਕਾਂ ਸਮੇਤ ਕੁੱਲ ਪ੍ਰੋਜੈਕਟ ਦੀ ਲਾਗਤ ਕਰੀਬ 45 ਕਰੋੜ ਰੁਪਏ ਹੈ। ਮੌਜੂਦਾ ਸਮੇਂ ਦੋਨੋਂ ਪੁੱਲਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਜਲਦ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਕੈਬਨਿਟ ਮੰਤਰੀ ਦੇ ਦੌਰੇ ਦੌਰਾਨ ਐਸ.ਡੀ.ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀਆਂ ਹਦਾਇਤਾਂ ਮੁਤਾਬਕ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਲਾਕੇ ਦੇ ਪਿੰਡ ਵਾਸੀਆਂ ਅਤੇ ਆਗੂਆਂ ਜਿਵੇਂ ਮੰਗਲ ਸੈਣੀ, ਦੀਪ ਸਿੰਘ, ਗੁਰਮੀਤ ਸਿੰਘ, ਸਰਬਣ ਸਿੰਘ ਪੰਚ, ਬਿੰਦਰ ਕਲਿਤਰਾ, ਅਮਰੀਕ ਸਿੰਘ, ਰੌਕੀ, ਮਹਿੰਗਾ ਰਾਮ, ਕਰਮ ਚੰਦ, ਕੁਲਤਾਰ ਸਿੰਘ ਅਤੇ ਹੋਰਾਂ ਨੇ ਇਸ ਵਿਕਾਸ ਕਾਰਜ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ।