ਨਲਹੋਟੀ ਵਿਖੇ ਲਾਇਆ ਆਰਮੀ ਦੀ ਭਰਤੀ ਰਜਿਸਟ੍ਰੇਸ਼ਨ ਕੈਂਪ
ਨਲਹੋਟੀ ਵਿਖੇ ਇਲਾਕੇ ਦੇ ਨੌਜਵਾਨਾਂ ਲਈ ਆਰਮੀ ਦੀ ਭਰਤੀ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ
Publish Date: Thu, 19 Mar 2026 04:45 PM (IST)
Updated Date: Thu, 19 Mar 2026 04:49 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲਾਕੇ ਦੇ ਨੌਜਵਾਨਾਂ ਨੂੰ ਫੌਜੀ ਭਰਤੀਆਂ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਨਜ਼ਦੀਕੀ ਪਿੰਡਾਂ ਦੀ ਸਹੂਲਤ ਲਈ ਇਕ ਖੇਤਰ ਦੇ ਪਿੰਡ ਨਲਹੋਟੀ ਵਿਖੇ ਇੱਕ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੂਬੇਦਾਰ ਹਰਜਾਪ ਸਿੰਘ (16 ਸਿੱਖ) ਆਪਣੀ ਟੀਮ ਸਮੇਤ ਮੌਜੂਦ ਰਹੇ, ਜਿਨ੍ਹਾਂ ਨੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਦੀ ਆਰਮੀ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਵਾਈ। ਜਿਸ ਦੌਰਾਨ 100 ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ।। ਇਸ ਮੌਕੇ ‘ਤੇ ਬਲੈਕ ਪੈਂਥਰ ਕੋਚਿੰਗ ਸੈਂਟਰ ਦੇ ਕੋਚ ਜਤਿੰਦਰ ਸਿੰਘ ਸੇਠੀ ਕਾਹਨਪੁਰ ਖੂਹੀ ਨੇ ਵੀ ਖਾਸ ਭੂਮਿਕਾ ਨਿਭਾਈ। ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਦੇ ਕਈ ਨੌਜਵਾਨ ਆਰਮੀ ਅਤੇ ਹੋਰ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਦਾ ਸੁਪਨਾ ਰੱਖਦੇ ਹਨ, ਪਰ ਸਹੀ ਮਾਰਗਦਰਸ਼ਨ ਅਤੇ ਤਿਆਰੀ ਦੀ ਘਾਟ ਕਾਰਨ ਉਹ ਪਿੱਛੇ ਰਹਿ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਕੈਂਪ ਆਯੋਜਿਤ ਕੀਤਾ ਗਿਆ, ਤਾਂ ਜੋ ਨੌਜਵਾਨਾਂ ਨੂੰ ਘਰ ਦੇ ਨੇੜੇ ਹੀ ਰਜਿਸਟ੍ਰੇਸ਼ਨ ਅਤੇ ਜਾਣਕਾਰੀ ਪ੍ਰਾਪਤ ਹੋ ਸਕੇ। ਦੱਸਣਯੋਗ ਹੈ ਕਿ ਜਤਿੰਦਰ ਸਿੰਘ ਸੇਠੀ, ਜੋ ਕਿ ਖੁਦ ਸਾਬਕਾ ਸੈਨਿਕ ਹਨ, ਪਿਛਲੇ ਦੋ ਸਾਲਾਂ ਤੋਂ ਇਲਾਕੇ ਦੇ ਬੱਚਿਆਂ ਨੂੰ ਪੁਲਿਸ, ਬੀਐਸਐਫ ਅਤੇ ਸੀਆਈਐਸਐਫ ਦੀਆਂ ਭਰਤੀਆਂ ਲਈ ਮੁੱਫ਼ਤ ਫਿਜ਼ੀਕਲ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਦੇਸ਼ ਦੀ ਸੇਵਾ ਵੱਲ ਪ੍ਰੇਰਿਤ ਕਰਨਾ ਹੈ। ਕੈਂਪ ਦੌਰਾਨ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ ਅਤੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਵਾਈ। ਇਸ ਮੌਕੇ ਤੇ ਸਰਪੰਚ ਹਰਮੇਸ਼ ਚੰਦ, ਜਸਬੀਰ ਸਿੰਘ ਬਿੱਲੂ, ਬਿੱਲਾ ਹਰੀਪੁਰ, ਰਿੰਕੂ ਜੱਟ ਪੁਰ,ਜਗਦੀਪ ਦੀਪੀ ਕੌਲਾ ਪੁਰ ਤੇ ਬੱਚਿਆਂ ਮਾਪਿਆਂ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਪਿੰਡ ਪੱਧਰ ‘ਤੇ ਲੱਗਣ ਨਾਲ ਬੱਚਿਆਂ ਨੂੰ ਵੱਡਾ ਲਾਭ ਮਿਲਦਾ ਹੈ ਅਤੇ ਉਨ੍ਹਾਂ ਨੂੰ ਸ਼ਹਿਰਾਂ ਵਿੱਚ ਭਟਕਣ ਦੀ ਲੋੜ ਨਹੀਂ ਪੈਂਦੀ। ਆਯੋਜਕਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ ਅਤੇ ਉਹ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ।