ਵਿਕਾਸ ਕਾਰਜਾਂ ਨਾਲ ਬਦਲ ਰਹੀ ਹੈ ਪਿੰਡ ਢੇਰ ਦੀ ਨੁਹਾਰ : ਹਰਜੋਤ ਬੈਂਸ
ਕਰੋੜਾਂ ਦੇ ਵਿਕਾਸ ਕਾਰਜਾਂ ਨਾਲ ਬਦਲ ਰਹੀ ਹੈ ਪਿੰਡ ਢੇਰ ਦੀ ਨੁਹਾਰ: ਹਰਜੋਤ ਬੈਂਸ
Publish Date: Wed, 18 Mar 2026 05:37 PM (IST)
Updated Date: Wed, 18 Mar 2026 05:40 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਢੇਰ ਦਾ ਦੌਰਾ ਕਰਦਿਆਂ ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਫੀਡਬੈਕ ਵੀ ਪ੍ਰਾਪਤ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਮਿਲੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਢੇਰ ਵਿਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਜਾਰੀ ਹਨ, ਜਿਨ੍ਹਾਂ ਵਿਚ ਸ਼ਾਨਦਾਰ ਖੇਡ ਮੈਦਾਨ ਦਾ ਨਿਰਮਾਣ, ਪਿੰਡ ਦੀਆਂ ਗਲੀਆਂ, ਸਕੂਲ ਦੇ ਨਵੀਨੀਕਰਨ ਦਾ ਕੰਮ ਅਤੇ ਇਕ ਆਧੁਨਿਕ ਲਾਇਬ੍ਰੇਰੀ ਦਾ ਕੰਮ ਸ਼ਾਮਿਲ ਹੈ। ਇਸਦੇ ਨਾਲ ਹੀ ਪਿੰਡ ਢੇਰ ਤੋਂ ਸੂਰੇਵਾਲ ਤੱਕ ਸੜਕ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿਸ ਨਾਲ ਇਲਾਕੇ ਦੀ ਆਵਾਜਾਈ ਸੁਵਿਧਾ ਵਿਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਖਾਸ ਤੌਰ ’ਤੇ ਆਮ ਆਦਮੀ ਕਲੀਨਿਕ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਹਰ ਰੋਜ਼ 100 ਤੋਂ ਵੱਧ ਲੋਕ ਮੁਫ਼ਤ ਇਲਾਜ ਦਾ ਲਾਭ ਲੈ ਰਹੇ ਹਨ। ਇਹ ਸਿਹਤ ਸਹੂਲਤਾਂ ਪਿੰਡ ਦੇ ਲੋਕਾਂ ਲਈ ਬਹੁਤ ਵੱਡੀ ਰਾਹਤ ਸਾਬਤ ਹੋ ਰਹੀਆਂ ਹਨ ਅਤੇ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਸਪੱਸ਼ਟ ਉਦਾਹਰਨ ਹਨ। ਬੈਂਸ ਨੇ ਕਿਹਾ ਕਿ ਪਿੰਡ ਢੇਰ ਦੀ ਸਮੁੱਚੀ ਪੰਚਾਇਤ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਵਿਕਾਸ ਕਾਰਜ ਸੰਭਵ ਹੋ ਰਹੇ ਹਨ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਅਤੇ ਲੋਕਾਂ ਦੀ ਸਾਂਝ ਨਾਲ ਹੀ ਅਸਲ ਵਿਕਾਸ ਹੁੰਦਾ ਹੈ। ਬੈਂਸ ਨੇ ਕਿਹਾ ਕਿ ਉਹ ਪਿੰਡ ਢੇਰ ਨੂੰ ਪੂਰੇ ਪੰਜਾਬ ਦਾ ਇੱਕ ਮਾਡਲ ਅਤੇ ਸ਼ਾਨਦਾਰ ਪਿੰਡ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਹੋਰ ਵੱਡੇ ਪ੍ਰੋਜੈਕਟਾਂ ਦੀ ਯੋਜਨਾ ਬਣਾਈ ਜਾਵੇਗੀ, ਤਾਂ ਜੋ ਪਿੰਡ ਦੇ ਹਰ ਨਾਗਰਿਕ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਪਿੰਡ ਨੂੰ ਵਿਕਾਸ ਦੀ ਨਵੀਂ ਉਚਾਈਆਂ ਤੱਕ ਲਿਜਾਇਆ ਜਾ ਸਕੇ।