ਪਿੰਡ ਸਾਖਪੁਰ ਤੋਂ ਤੀਰਥ ਯਾਤਰਾ ਸਕੀਮ ਤਹਿਤ ਜੱਥਾ ਰਵਾਨਾ
ਪਿੰਡ ਸਾਖਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਯਾਤਰੀਆਂ ਦਾ ਜੱਥਾ ਰਵਾਨਾ
Publish Date: Mon, 16 Mar 2026 05:37 PM (IST)
Updated Date: Mon, 16 Mar 2026 05:40 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰਬੇਦੀ ਦੇ ਨੇੜਲੇ ਪਿੰਡ ਸਾਖਪੁਰ ਤੋਂ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਤਿੰਨ ਦਿਨਾਂ ਧਾਰਮਿਕ ਯਾਤਰਾ ਲਈ ਸ਼ਰਧਾਲੂਆਂ ਦਾ ਜੱਥਾ ਖੁਸ਼ੀ ਅਤੇ ਧਾਰਮਿਕ ਉਤਸ਼ਾਹ ਦੇ ਮਾਹੌਲ ਵਿਚ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਦੀ ਟੀਮ ਦੇ ਮੈਂਬਰਾਂ ਵੱਲੋਂ ਯਾਤਰੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ਼ਰਾਜ ਸੈਣੀ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਅਤੇ ਪਿੰਡ ਸਾਖਪੁਰ ਦੇ ਸਰਪੰਚ ਪੰਮੂ ਚੌਧਰੀ ਖ਼ਾਸ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਵੱਲੋਂ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦੇ ਕੇ ਸੁਰੱਖਿਅਤ ਅਤੇ ਸੁਖਮਈ ਯਾਤਰਾ ਦੀ ਕਾਮਨਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ਼ਰਾਜ ਸੈਣੀ ਅਤੇ ਜਰਨੈਲ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਰਾਹੀਂ ਉਹ ਲੋਕ ਵੀ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਨ ਜੋ ਆਰਥਿਕ ਜਾਂ ਹੋਰ ਕਾਰਨਾਂ ਕਰਕੇ ਅਕਸਰ ਯਾਤਰਾ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਯਾਤਰੀਆਂ ਦੀ ਸੁਵਿਧਾ ਲਈ ਰਹਿਣ, ਖਾਣ-ਪੀਣ ਅਤੇ ਯਾਤਰਾ ਦੀ ਵਧੀਆ ਵਿਵਸਥਾ ਕੀਤੀ ਗਈ ਹੈ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਚਿੰਤਾ ਦੇ ਧਾਰਮਿਕ ਯਾਤਰਾ ਦਾ ਲਾਭ ਲੈ ਸਕਣ। ਉਨ੍ਹਾਂ ਹੋਰ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਲੋਕਾਂ ਵਿਚ ਧਾਰਮਿਕ ਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਪਿੰਡ ਵਾਸੀਆਂ ਨੇ ਵੀ ਸਰਕਾਰ ਅਤੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੀਮ ਨਾਲ ਆਮ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਦੁਰਗਿਆਣਾ ਮੰਦਿਰ, ਬਾਘਾ ਬਾਰਡਰ ਅਤੇ ਰਵਿਦਾਸ ਧਾਮ ਸਮੇਤ ਕਈ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਯਾਤਰੀਆਂ ਦੇ ਰਵਾਨਾ ਹੋਣ ਸਮੇਂ ਪਿੰਡ ਵਿਚ ਖੁਸ਼ੀ ਅਤੇ ਭਗਤੀਮਈ ਮਾਹੌਲ ਦੇਖਣ ਨੂੰ ਮਿਲਿਆ।