ਗੁਰੂ ਨਗਰੀ ’ਚ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਦਾ ਮਾਮਲਾ ਗਰਮਾਇਆ
ਗੁਰੂ ਨਗਰੀ ਵਿਚ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਦਾ ਮਾਮਲਾ ਗਰਮਾਇਆ
Publish Date: Fri, 13 Mar 2026 04:16 PM (IST)
Updated Date: Fri, 13 Mar 2026 04:18 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਕੇ ਇਸ ਨਗਰੀ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਗਿਆ ਸੀ, ਪਰ ਹੁਣ ਇਸੇ ਪਵਿੱਤਰ ਨਗਰੀ ਵਿਚ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਦੇ ਦੋਸ਼ਾਂ ਨੇ ਮਾਹੌਲ ਗਰਮਾ ਦਿੱਤਾ ਹੈ। ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਸ਼ੋਸ਼ਲ ਮੀਡੀਆ ’ਤੇ ਕੀਤੀ ਇਕ ਪੋਸਟ ਨੇ ਇਸ ਮਾਮਲੇ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ। ਹਰਜੀਤ ਸਿੰਘ ਜੀਤਾ ਨੇ ਆਪਣੀ ਫੇਸਬੁੱਕ ਆਈਡੀ ’ਤੇ ਪੋਸਟ ਕਰਦੇ ਹੋਏ ਦੋਸ਼ ਲਾਇਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਰੇਲਵੇ ਲਾਈਨ ਕਰਾਸ ਕਰਕੇ ਖੁੱਲ੍ਹੇਆਮ ਨਾਜਾਇਜ਼ ਸ਼ਰਾਬ, ਚਿੱਟਾ ਅਤੇ ਗਾਂਜਾ ਵਿਕ ਰਿਹਾ ਹੈ। ਉਹਨਾਂ ਲਿਖਿਆ ਕਿ ਨਗਰ ਕੌਂਸਲ ਵੱਲੋਂ ਪਹਿਲਾਂ ਖੁਦ ਜਾ ਕੇ ਆਪਣੀ ਜਾਨ ਜੋਖਿਮ ਵਿਚ ਪਾ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦੇ ਕਹਿਣ ’ਤੇ ਉੱਥੇ ਬਣੀਆਂ ਝੁੱਗੀਆਂ ਨੂੰ ਚਕਵਾਇਆ ਗਿਆ ਸੀ, ਜਿੱਥੇ ਨਸ਼ੇ ਵਿਕਦੇ ਸਨ। ਉਹਨਾਂ ਦੱਸਿਆ ਕਿ ਇਹ ਝੁੱਗੀਆਂ ਕਰੀਬ 25 ਤੋਂ 30 ਸਾਲਾਂ ਬਾਅਦ ਹਟਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਕੁਝ ਸਮੇਂ ਲਈ ਨਸ਼ਿਆਂ ਦੀ ਵਿਕਰੀ ਬੰਦ ਹੋ ਗਈ ਸੀ। ਉਹਨਾਂ ਕਿਹਾ ਕਿ ਹੁਣ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਹਨ। ਉਹਨਾਂ ਦੇ ਦੋਸ਼ਾਂ ਮੁਤਾਬਕ ਉੱਥੇ 30 ਰੁਪਏ ਵਿਚ ਟੀਕਿਆਂ ਵਾਲੀ ਸ਼ਰਾਬ ਦਾ ਇੱਕ ਗਲਾਸ ਅਤੇ 200 ਰੁਪਏ ਵਿਚ ਕੈਮੀਕਲ ਚਿੱਟਾ ਮਿਲ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਨਸ਼ਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਵੀ ਆਸਾਨੀ ਨਾਲ ਨਹੀਂ ਮਿਲਦਾ, ਉਹ ਸ੍ਰੀ ਅਨੰਦਪੁਰ ਸਾਹਿਬ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਹੀ ਲੋਕਾਂ ਨੂੰ ਮਿਲ ਰਿਹਾ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਜੋ ਲੋਕ ਪਹਿਲਾਂ ਨਸ਼ੇ ਦੇ ਵਿਰੁੱਧ ਆਵਾਜ਼ ਉਠਾਉਂਦੇ ਸਨ, ਉਹ ਵੀ ਹੁਣ ਇਸ ਧੰਦੇ ਨਾਲ ਜੁੜ ਗਏ ਹਨ। ਆਪਣੀ ਪੋਸਟ ਦੇ ਅੰਤ ਵਿਚ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇ ਹਾਲਾਤ ਐਸੇ ਹੀ ਰਹਿਣੇ ਹਨ ਤਾਂ ਲੋਕਾਂ ਨਾਲ ਦੁਸ਼ਮਣੀ ਮੋਲ ਲੈਣ ਦਾ ਕੀ ਫਾਇਦਾ ਹੈ। ਇਸ ਸਬੰਧੀ ਜਦੋਂ ਹਰਜੀਤ ਸਿੰਘ ਜੀਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਹੋਣ ਦੇ ਨਾਤੇ ਪੂਰੀ ਜਿੰਮੇਵਾਰੀ ਨਾਲ ਇਹ ਪੋਸਟ ਪਾਈ ਹੈ ਅਤੇ ਉਸ ਵਿਚ ਲਿਖਿਆ ਹਰ ਸ਼ਬਦ ਸੱਚ ਹੈ। ਉਹਨਾਂ ਕਿਹਾ ਕਿ ਪਹਿਲਾਂ ਨਗਰ ਕੌਂਸਲ ਵੱਲੋਂ ਖੁਦ ਝੁੱਗੀਆਂ ਹਟਾ ਕੇ ਨਸ਼ੇ ਦਾ ਧੰਦਾ ਬੰਦ ਕਰਵਾਇਆ ਗਿਆ ਸੀ, ਪਰ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਹੁਣ ਉੱਥੇ ਦੁਬਾਰਾ ਪਹਿਲਾਂ ਨਾਲੋਂ ਵੱਧ ਪੱਧਰ ਤੇ ਗੈਰ ਕਾਨੂੰਨੀ ਨਸ਼ਿਆਂ ਦੀ ਵਿਕਰੀ ਹੋ ਰਹੀ ਹੈ, ਜਿਸ ਨਾਲ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਨੂੰ ਧੱਕਾ ਲੱਗ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਸਿੱਖਾਂ ਦਾ ਬਹੁਤ ਪਵਿੱਤਰ ਅਸਥਾਨ ਹੈ ਅਤੇ ਇਸ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਗਿਆ ਹੋਇਆ ਹੈ। ਉਹਨਾਂ ਕਿਹਾ ਕਿ ਐਸੇ ਪਵਿੱਤਰ ਸਥਾਨ ’ਤੇ ਜੇਕਰ ਖੁੱਲ੍ਹੇਆਮ ਗੈਰ ਕਾਨੂੰਨੀ ਨਸ਼ੇ ਵਿਕ ਰਹੇ ਹਨ ਤਾਂ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ। ਉਹਨਾਂ ਕਿਹਾ ਕਿ ਜੇਕਰ ਸੱਤਾ ਸਾਡੇ ਹੱਥ ਹੁੰਦੀ ਤਾਂ ਅਸੀਂ ਇਸ ਨੂੰ ਤੁਰੰਤ ਬੰਦ ਕਰਵਾ ਕੇ ਦਿਖਾਉਂਦੇ, ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਇਸ ਪਵਿੱਤਰ ਸ਼ਹਿਰ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੰਜੀਵ ਗੌਤਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਅੱਜ ਹੀ ਇਸ ਮਾਮਲੇ ਸਬੰਧੀ ਐਸਐਸਪੀ ਰੂਪਨਗਰ ਨਾਲ ਗੱਲ ਕਰਕੇ ਅਜਿਹੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਗੈਰ ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੀ ਗਤੀਵਿਧੀ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉੱਧਰ ਇਸ ਮਾਮਲੇ ਸਬੰਧੀ ਜਦੋਂ ਡੀਐਸਪੀ ਜਸ਼ਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਪੋਸਟ ਆ ਚੁੱਕੀ ਹੈ ਅਤੇ ਇਸ ਸਬੰਧੀ ਸੰਬੰਧਿਤ ਥਾਣੇ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜੇ ਪਹਿਲਾਂ ਝੁੱਗੀਆਂ ਹਟਾਈਆਂ ਗਈਆਂ ਸਨ ਅਤੇ ਹੁਣ ਦੁਬਾਰਾ ਉੱਥੇ ਇਹ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ ਤਾਂ ਪੁਲਿਸ ਵੱਲੋਂ ਮੁੜ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਹਟਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਸ਼ਹਿਰ ਵਿਚ ਗੈਰ ਕਾਨੂੰਨੀ ਨਸ਼ਿਆਂ ਦੀ ਵਿਕਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।