ਓਵਰਲੋਡ ਟਿੱਪਰ ਪਲਟਿਆ, ਡਰਾਈਵਰ ਜ਼ਖ਼ਮੀ
ਤੇਜ਼ ਰਫਤਾਰ ਅਤੇ ਓਵਰਲੋਡ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ
Publish Date: Thu, 12 Mar 2026 05:43 PM (IST)
Updated Date: Thu, 12 Mar 2026 05:45 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਅੱਜ ਸਵੇਰੇ ਕਰੀਬ 9 ਵਜੇ ਸ਼੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ ’ਤੇ ਪਤਾਲਪੁਰੀ ਚੌਂਕ ਨਜ਼ਦੀਕ ਇਕ ਓਵਰਲੋਡ ਬਜਰੀ ਦਾ ਭਰਿਆ ਟਿੱਪਰ ਸੜਕ ਵਿਚਕਾਰ ਪਲਟ ਗਿਆ, ਜਿਸ ਕਾਰਨ ਡਰਾਈਵਰ ਕੈਬਿਨ ਦੇ ਅੰਦਰ ਦੱਬ ਗਿਆ। ਮੌਕੇ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਬੜੀ ਜਦੋ ਜਹਿਦ ਨਾਲ ਹਾਈਡਰੇ ਮਸ਼ੀਨਾਂ ਮੰਗਵਾ ਕੇ ਡਰਾਈਵਰ ਨੂੰ ਇੱਕ ਘੰਟੇ ਮਗਰੋਂ ਬਾਹਰ ਕੱਢਿਆ, ਜ਼ਖ਼ਮੀ ਹਾਲਤ ਵਿਚ ਡਰਾਈਵਰ ਨੂੰ ਐਬੂਲੈਂਸ ਦੀ ਮਦਦ ਨਾਲ ਇਲਾਜ ਲਈ ਸ਼੍ਰੀ ਅਨੰਦਪੁਰ ਸਾਹਿਬ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮਹਿੰਦਰਾ ਕੰਪਨੀ ਦਾ 12 ਟਾਇਰਾ ਟਿੱਪਰ ਨੰਬਰ ਐਚ,ਪੀ 80 ਬੀ 9737 ਜੋ ਕਿ ਬਜਰੀ ਦਾ ਓਵਰਲੋਡ ਭਰਿਆ ਹੋਇਆ ਸੀ ਹਿਮਾਚਲ ਪ੍ਰਦੇਸ਼ ਤੋਂ ਜੀਰਕਪੁਰ ਜਾ ਰਿਹਾ ਸੀ ਜਦੋਂ ਇਹ ਟਿੱਪਰ ਸ੍ਰੀ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਨਜ਼ਦੀਕ ਪਹੁੰਚਿਆ ਤਾਂ ਤੇਜ ਰਫਤਾਰ ਅਤੇ ਓਵਰਲੋਡ ਹੋਣ ਕਾਰਨ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਟਿੱਪਰ ਪਲਟਨ ਕਾਰਨ ਸੜਕ ’ਤੇ ਭਾਰੀ ਜਾਮ ਲੱਗ ਗਿਆ। ਮੌਕੇ ’ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਅਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਹਾਈਡਰੇ ਮਸ਼ੀਨਾਂ ਮੰਗਵਾ ਕੇ ਡਰਾਈਵਰ ਨੂੰ ਟਿੱਪਰ ਥੱਲੇ ਤੋਂ ਕੱਢਿਆ ਗਿਆ। ਇਸ ਹਾਦਸੇ ਵਿੱਚ ਟਿੱਪਰ ਡਰਾਈਵਰ ਦੀ ਪਹਿਚਾਨ ਅਮਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ। ਜਿਸ ਨੂੰ 108 ਐਬੂਲੈਂਸ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਭਾਈ ਜੈਤਾ ਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੱਗੇ ਰੈਫਰ ਕਰ ਦਿੱਤਾ ਗਿਆ।