ਪੀਯੂ ਸੰਘਰ•ਸ਼ ’ਚ ਮੋਹਰੀ ਰੋਲ ਨਿਭਾ ਰਿਹਾ ਜੱਸਾ ਭੈਣੀ
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਘੰਰਸ਼ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਦਾ ਨੌਜੁਆਨ ਜੱਸਾ ਭੈਣੀ
Publish Date: Wed, 11 Mar 2026 04:30 PM (IST)
Updated Date: Wed, 11 Mar 2026 04:33 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਘਰਸ਼ ਵਿਚ ਸ਼੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਧਰੇਲਪੁਰਾ ਦਾ ਰਹਿਣ ਵਾਲਾ ਨੌਜਵਾਨ ਜਸਕਰਨ ਸਿੰਘ ਜ਼ੋ ਕਿ ਜੱਸਾ ਭੈਣੀ ਦੇ ਨਾਮ ਨਾਲ ਮਸ਼ਹੂਰ ਹੈ, ਮੋਹਰੀ ਰੋਲ ਅਦਾ ਕਰ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹਿੰਦ ਦੀ ਚਾਦਰ ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ’ਤੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸੀ। ਇਸ ਸਮਾਗਮ ਵਿਚ ਭਾਜਪਾ ਸੰਸਦੀ ਬੋਰਡ ਦੇ ਕੌਮੀ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਆਰ.ਐਸ.ਐਸ. ਪਿੱਠ ਭੂਮੀ ਨਾਲ ਸਬੰਧਿਤ ਬੁਲਾਰਿਆਂ ਨੂੰ ਇਸ ਸਮਾਗਮ ਵਿਚ ਬੁਲਾਇਆ ਗਿਆ ਸੀ। ਜਿਸ ਦਾ ਵਿਦਿਆਰਥੀਆਂ ਵਲੋਂ ਜ਼ੋਰ—ਸ਼ੋਰ ਨਾਲ ਵਿਰੋਧ ਕੀਤਾ ਗਿਆ। ਇਸ ਵਿਰੋਧ ਦੀ ਅਗਵਾਈ ਮੂਲ ਰੂਪ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਨਾਲ ਸਬੰਧਿਤ ਪਿੰਡ ਭੈਣੀ ਦੇ ਨੌਜਵਾਨ ਅਤੇ ਠੇਕੇਦਾਰ ਭਾਗ ਸਿੰਘ ਭੈਣੀ ਦੇ ਹੋਣਹਾਰ ਸਪੁੱਤਰ ਜਸਕਰਨ ਸਿੰਘ ਨੇ ਨਿਭਾਈ। ਉਸ ਵਲੋਂ ਜਿੱਥੇ ਆਰ.ਐਸ.ਐਸ. ਦਾ ਵਿਰੋਧ ਕੀਤਾ ਗਿਆ, ਉੱਥੇ ਹੀ ਚੰਡੀਗੜ੍ਹ ਪੁਲਿਸ ਨਾਲ ਤਕੜਾ ਸੰਘਰਸ਼ ਕਰਕੇ ਗ੍ਰਿਫਤਾਰੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕੇਂਦਰ ਸਰਕਾਰ ਵਲੋਂ ਸਿੰਡੀਕੇਟ ਨੂੰ ਭੰਗ ਕਰਨ ਅਤੇ ਸੇਨੈਟ ਚੋਣਾਂ ਨੂੰ ਲੈ ਕੇ ਜੱਸਾ ਭੈਣੀ ਦੀ ਅਗਵਾਈ ਹੇਠ ਕਾਫੀ ਲੰਬਾ ਸਮਾਂ ਸੰਘਰਸ਼ ਹੋਇਆ ਸੀ ਅਤੇ ਇਨ੍ਹਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਸੀ। ਇਸ ਸਬੰਧੀ ਜੱਸਾ ਭੈਣੀ ਨੇ ਕਿਹਾ ਕਿ ਉਹ ਵਿਦਿਆਰਥੀ ਹਿੱਤਾਂ ਲਈ ਲੜੇ ਜਾਣ ਵਾਲੇ ਸਘੰਰਸ਼ਾ ਲਈ ਹਮੇਸ਼ਾ ਯਤਨਸ਼ੀਲ ਹਨ ਅਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਹ ਇੱਕ ਆਮ ਘਰ ਤੋਂ ਹਨ ’ਤੇ ਉਸਨੂੰ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਅਤੇ ਸਘੰਰਸ਼ ਲੜਨ ਦੀ ਸੇਧ ਆਪਣੇ ਤਾਏ ਮਰਹੂਮ ਜਥੇਦਾਰ ਜਗਤਾਰ ਸਿੰਘ ਭੈਣੀ ਦੇ ਸੰਘਰਸ਼ਮਈ ਜੀਵਨ ਤੋਂ ਮਿਲੀ ਹੈ।