ਸ੍ਰੀ ਗੁਰੂ ਰਾਮ ਰਾਇ ਜੀ ਕੀਰਤਪੁਰ ਸਾਹਿਬ ਵਿਖੇ ਨਤਮਸਤਕ ਹੋਈ ਸੰਗਤ
ਸਲਾਨਾ ਝੰਡਾ ਸਮਾਗਮ ਦੇ ਸਬੰਧ ਵਿਚ ਜਨਮ ਅਸਥਾਨ ਦਰਬਾਰ ਸ੍ਰੀ ਗੁਰੂ ਰਾਮ ਰਾਇ ਜੀ ਕੀਰਤਪੁਰ ਸਾਹਿਬ ਵਿਖੇ ਨਤਮਸਤਕ ਹੋਈ ਸੰਗਤ
Publish Date: Mon, 09 Mar 2026 04:10 PM (IST)
Updated Date: Mon, 09 Mar 2026 04:12 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਗੁਰੂ ਰਾਮ ਰਾਇ ਜੀ ਦਰਬਾਰ ਦੇਹਰਾਦੂਨ ਉਤਰਾਖੰਡ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਬਾਰ ਦੇ ਮੁੱਖ ਸੇਵਾਦਾਰ ਮਹੰਤ ਦੇਵੇਂਦਰ ਦਾਸ ਮਹਾਰਾਜ ਦੀ ਅਗਵਾਈ ਹੇਠ ਸੰਗਤ ਵੱਲੋਂ ਸਲਾਨਾ ਝੰਡਾ ਸਾਹਿਬ ਸਮਾਗਮ ਅੱਜ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਅੱਜ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਉਤਰਾਖੰਡ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਦੇਹਰਾਦੂਨ ਦਰਬਾਰ ਵਿਚ ਪਹੁੰਚੇ ਅਤੇ ਝੰਡਾ ਸਮਾਗਮ ਵਿਚ ਸ਼ਾਮਲ ਹੋਏ। ਇਸ ਸਬੰਧ ਵਿਚ ਕੀਰਤਪੁਰ ਸਾਹਿਬ, ਭਗਵਾਲਾ, ਆਨੰਦਪੁਰ ਸਾਹਿਬ, ਨੂਰਪੁਰ ਬੇਦੀ, ਅਟਾਰੀ ਅਤੇ ਭਰਤਗੜ੍ਹ ਇਲਾਕੇ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਦਰਬਾਰ ਸਾਹਿਬ ਦੇਹਰਾਦੂਨ ਵਿਚ ਪਹੁੰਚੇ ਹੋਏ ਹਨ। ਇਸ ਦੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਕੀਰਤਪੁਰ ਸਾਹਿਬ ਸਥਿਤ ਸ੍ਰੀ ਗੁਰੂ ਰਾਮ ਰਾਇ ਜਨਮ ਅਸਥਾਨ ਦਰਬਾਰ ਵਿਚ ਵੀ ਨਤਮਸਤਕ ਹੋਈਆਂ ਅਤੇ ਦਰਬਾਰ ਸਾਹਿਬ ਵਿਚ ਹਾਜ਼ਰੀ ਭਰੀ। ਅੱਜ ਸਵੇਰੇ ਤੋਂ ਹੀ ਸਥਾਨਕ ਅਤੇ ਨੇੜਲੇ ਇਲਾਕਿਆਂ ਦੀਆਂ ਸੰਗਤਾਂ ਜਨਮ ਅਸਥਾਨ ਦਰਬਾਰ ਸ੍ਰੀ ਗੁਰੂ ਰਾਮ ਰਾਇ ਜੀ ਵਿਖੇ ਨਤਮਸਤਕ ਹੋਣ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਬਾਕਸ ਇਸ ਮੌਕੇ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਯਸ਼ਪਾਲ ਬੇਦੀ ਨੇ ਦੱਸਿਆ ਕਿ ਸ੍ਰੀ ਗੁਰੂ ਰਾਮ ਰਾਇ ਮਹਾਰਾਜ ਸਿੱਖਾਂ ਦੇ ਸੱਤਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ ਸੰਨ 1640 ਵਿੱਚ ਚੇਤ ਮਹੀਨੇ ਦੀ ਪੰਚਮੀ ਦੇ ਦਿਨ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿੱਚ ਹੋਇਆ ਸੀ, ਜਿੱਥੇ ਇਸ ਸਮੇਂ ਸ੍ਰੀ ਗੁਰੂ ਰਾਮ ਰਾਇ ਜੀ ਦਾ ਜਨਮ ਅਸਥਾਨ ਦਰਬਾਰ ਸਥਾਪਿਤ ਹੈ। ਇਸ ਤੋਂ ਬਾਅਦ ਸੰਨ 1676 ਵਿਚ ਸ੍ਰੀ ਗੁਰੂ ਰਾਮ ਰਾਇ ਜੀ ਮਹਾਰਾਜ ਨੇ ਪੰਜਾਬ ਛੱਡ ਕੇ ਦੂਨ ਘਾਟੀ ਵਿਚ ਆਪਣਾ ਡੇਰਾ ਲਗਾਇਆ, ਜਿਸ ਕਰਕੇ ਉਸ ਸਥਾਨ ਦਾ ਨਾਮ ਆਗੇ ਚੱਲ ਕੇ ਦੇਹਰਾਦੂਨ ਪੈ ਗਿਆ। ਉਸੇ ਸਮੇਂ ਤੋਂ ਸ੍ਰੀ ਗੁਰੂ ਰਾਮ ਰਾਇ ਮਹਾਰਾਜ ਦੇ ਜਨਮ ਉਤਸਵ ਦੇ ਸਬੰਧ ਵਿਚ ਦੇਹਰਾਦੂਨ ਦਰਬਾਰ ਵਿਚ ਸਲਾਨਾ ਝੰਡਾ ਮਹੋਤਸਵ ਮਨਾਇਆ ਜਾਂਦਾ ਹੈ, ਜਿਸ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸਾਧੂ-ਸੰਤਾਂ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਹਰਾਦੂਨ ਪਹੁੰਚਦੀਆਂ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਸੰਗਤ ਕੀਰਤਪੁਰ ਸਾਹਿਬ ਵਿਚ ਸਥਿਤ ਸ੍ਰੀ ਗੁਰੂ ਰਾਮ ਰਾਇ ਦੇ ਇਤਿਹਾਸਕ ਜਨਮ ਅਸਥਾਨ ਦਰਬਾਰ ਵਿੱਚ ਵੀ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸ ਸਬੰਧੀ ਅੱਜ ਦਰਬਾਰ ਸਾਹਿਬ ਵਿੱਚ ਆਰਤੀ ਕਰਨ ਉਪਰੰਤ ਸਲਾਨਾ ਝੰਡਾ ਸਾਹਿਬ ਸਮਾਗਮ ਦੀ ਚੜ੍ਹਦੀ ਕਲਾ ਅਤੇ ਸੁੱਖ-ਸ਼ਾਂਤੀ ਦੇ ਨਾਲ ਨਾਲ ਵਿਸ਼ਵ ਕਲਿਆਣ ਦੀ ਕਾਮਨਾ ਕਰਦਿਆਂ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸਾਰਾ ਦਿਨ ਦਰਬਾਰ ਵਿੱਚ ਸ਼ਰਧਾਲੂਆਂ ਦਾ ਆਉਣਾ-ਜਾਣਾ ਲੱਗਾ ਰਿਹਾ। ਇਸ ਮੌਕੇ ਹਾਜ਼ਰ ਸੰਗਤਾਂ ਵਿਚ ਇੰਦਰਪਾਲ ਬਾਵਾ, ਤਰਸੇਮ ਲਾਲ ਬਾਵਾ, ਅਰਜਨ ਸਿੰਘ, ਕੁਲਵੰਤ ਸਿੰਘ, ਜਸਪਾਲ ਸਿੰਘ, ਲਖਵੀਰ ਸਿੰਘ ਬਰੋਟਾ, ਭਜਨ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਬਰੋਟਾ ਅਤੇ ਅਮਨਦੀਪ ਸਿੰਘ ਸਮੇਤ ਦਰਬਾਰ ਦੇ ਹੋਰ ਸੇਵਾਦਾਰ ਮੌਜੂਦ ਸਨ।