ਸ਼ਾਹਪੁਰ ਬੇਲਾ ਵਿਖੇ ਘੋੜ ਦੌੜਾਂ 9 ਨੂੰ : ਬਲਵੀਰ ਸਿੰਘ ਸ਼ਾਹਪੁਰ
ਪਿੰਡ ਸ਼ਾਹਪੁਰ ਬੇਲਾ ਵਿਖੇ ਸਲਾਨਾ ਸਮਾਗਮ ਦੌਰਾਨ ਘੋੜ ਦੌੜਾ 9 ਮਾਰਚ ਨੂੰ: ਬਲਵੀਰ ਸਿੰਘ ਸ਼ਾਹਪੁਰ
Publish Date: Fri, 06 Mar 2026 06:01 PM (IST)
Updated Date: Fri, 06 Mar 2026 06:03 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਸ਼ਾਹਪੁਰ ਬੇਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਪਿੱਛੇ ਸਭ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 7 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ ਜਿਸ ਦੀ ਸੰਪੂਰਨਤਾ ਦੇ ਭੋਗ 9 ਮਾਰਚ ਦਿਨ ਸੋਮਵਾਰ ਨੂੰ ਪਾਏ ਜਾਣਗੇ।ਪਿੰਡ ਸ਼ਾਹਪੁਰ ਬੇਲਾ ਵਿਖੇ ਹੋ ਰਹੇ ਸਲਾਨਾ ਸਮਾਗਮ ਜਿਸ ਵਿਚ ਤਰਨਾ ਦਲ ਬਾਬਾ ਬਕਾਲਾ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜਥੇਦਾਰ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਘੋੜ ਦੌੜਾ ਮੁਹੱਲਾ ਖੇਡਿਆ ਜਾਵੇਗਾ। ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਸ਼ੁਰੂ ਘੋੜ ਦੌੜਾਂ ਦੀ ਸਮਾਪਤੀ 9 ਮਾਰਚ 2026 ਸ਼ਾਮ ਨੂੰ ਹੋਵੇਗੀ ਜਿਸ ਵਿਚ ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜ ਦੌੜਾਂ ਨੇਜ਼ੇ ਬਾਜ਼ੀ ਤਲਵਾਰਬਾਜੀ ਅਤੇ ਗੱਤਕੇ ਦੇ ਜੋਹਰ ਵਿਖਾਉਣਗੇ। ਜੇਤੂ ਸਿੰਘਾਂ ਨੂੰ ਜਥੇਦਾਰ ਬਾਬਾ ਗੁਰਦੇਵ ਸਿੰਘ ਅਤੇ ਬਾਬਾ ਜੋਗਾ ਸਿੰਘ ਉਚਿਤ ਇਨਾਮ ਦੇ ਕੇ ਸਨਮਾਨਿਤ ਕਰਨਗੇ। ਇਸ ਘੋੜ ਦੌੜ ਵੇਖਣ ਲਈ ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਸੰਗਤਾਂ ਆਉਂਦੀਆਂ ਹਨ। ਸੰਗਤਾਂ ਲਈ ਗੁਰੂ ਕਾ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਵਧੇਰੇ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਸ਼ਾਹਪੁਰ ਨੇ ਦੱਸਿਆ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਜਥੇਦਾਰ ਬਾਬਾ ਗੁਰਦੇਵ ਸਿੰਘ ਅਤੇ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਹੋਲੇ ਮਹੱਲੇ ਨੂੰ ਸਮਰਪਿਤ ਘੋੜ ਦੌੜਾਂ ਅਤੇ ਖੇਡ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਤਲੁਜ ਦਰਿਆ ਕਿਨਾਰੇ ਘੋੜ ਦੌੜਾਂ ਲਈ ਵੱਡਾ ਗਰਾਊਂਡ ਬਣਾਇਆ ਗਿਆ ਹੈ ਜਿੱਥੇ ਸਿੰਘ ਆਪਣੇ ਜੌਹਰ ਦਿਖਾਉਣਗੇ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਖੇ ਗਏ ਹਨ ਸੰਪੂਰਨਤਾ ਤੋਂ ਬਾਅਦ ਗੁਰੂ ਕਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪਾਸ ਦੀਆਂ ਸੰਗਤਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ 7 ਮਾਰਚ ਨੂੰ ਆਰੰਭਤਾ ਸਮੇਂ ਅਤੇ ਨੌ ਮਾਰਚ ਨੂੰ ਸਮਾਪਤੀ ਸਮੇਂ ਪਿੰਡ ਸ਼ਾਹਪੁਰ ਬੇਲਾ ਵਿਖੇ ਪਹੁੰਚ ਕੇ ਘੋੜ ਦੌੜਾਂ ਦਾ ਆਨੰਦ ਮਾਣਿਆ ਜਾਵੇ ਅਤੇ ਬੱਚਿਆਂ ਸਮੇਤ ਪਹੁੰਚ ਕੇ ਉਨ੍ਹਾਂ ਨੂੰ ਪੁਰਾਤਨ ਖੇਡਾਂ ਬਾਰੇ ਜਾਣਕਾਰੀ ਦਿੱਤੀ ਜਾਵੇ।