ਬਲਾਕ ਸੰਮਤੀ ਚੋਣਾਂ ਵਿਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਨਾਲ ਪਿੰਡਾਂ ਦੀ ਸਿਆਸਤ ਵਿਚ ਨਵੇਂ ਅਧਿਆਇ ਦੀ ਸ਼ੁਰੂਆਤ

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ
ਨੰਗਲ : ਬਲਾਕ ਸੰਮਤੀ ਚੋਣਾਂ ਵਿਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਨਾਲ ਪਿੰਡਾਂ ਦੀ ਸਿਆਸਤ ਵਿਚ ਨਵਾਂ ਅਧਿਆਇ ਦੀ ਸ਼ੁਰੂਆਤ ਹੋਈ ਹੈ। ਸਰਕਾਰ ਵੱਲੋਂ 50 ਫੀਸਦੀ ਰਾਖਵੇਂ ਕਾਰਨ ਹੁਣ ਬਲਾਕ ਸੰਮਤੀ ਚੋਣਾਂ ਦੌਰਾਨ ਮਹਿਲਾਵਾਂ ਦੀ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ, ਜੋ ਪਿੰਡ ਪੱਧਰ ਦੀ ਸਿਆਸਤ ਵਿਚ ਇਕ ਨਵੇਂ ਬਦਲਾਅ ਦਾ ਸੰਕੇਤ ਹੈ।ਮਹਿਲਾਵਾਂ ਵੱਡੀ ਗਿਣਤੀ ਵਿਚ ਚੋਣ ਮੈਦਾਨ ਵਿਚ ਉਤਰ ਰਹੀਆਂ ਹਨ ਅਤੇ ਅਗਵਾਈ ਦੀ ਭੂਮਿਕਾ ਨਿਭਾ ਰਹੀਆਂ ਹਨ।ਇਸ ਵਾਰ ਦੀਆਂ ਚੋਣਾਂ ਵਿਚ ਕਈ ਥਾਵਾਂ ’ਤੇ ਮਹਿਲਾ ਉਮੀਦਵਾਰਾਂ ਨੇ ਵੱਡੀ ਜਿੱਤ ਹਾਸਲ ਕਰਕੇ ਸਾਬਤ ਕੀਤਾ ਹੈ ਕਿ ਉਹ ਪਿੰਡਾਂ ਦੇ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹਨ। ਬਲਾਕ ਸੰਮਤੀਆਂ ਵਿਚ ਚੇਅਰਮੈਨ ਅਤੇ ਉਪ-ਚੇਅਰਮੈਨ ਦੇ ਅਹੁਦਿਆਂ ’ਤੇ ਵੀ ਮਹਿਲਾਵਾਂ ਦੀ ਚੋਣ ਹੋਣ ਨਾਲ ਉਨ੍ਹਾਂ ਦੀ ਲੀਡਰਸ਼ਿੱਪ ਸਮਰੱਥਾ ਸਾਹਮਣੇ ਆਈ ਹੈ।ਇਸੇ ਕੜੀ ਤਹਿਤ ਬੀਤੇ ਦਿਨ ਨੰਗਲ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਹੋਈ ਚੋਣ ਵਿਚ ਮਮਤਾ ਦੇਵੀ ਮਾਣਕਪੁਰ ਨੂੰ ਚੇਅਰਮੈਨ ਅਤੇ ਸੀਮਾ ਦੇਵੀ ਨਾਨਗਰਾ ਨੂੰ ਉਪ ਚੇਅਰਮੈਨ ਚੁਣਿਆ ਗਿਆ ਹੈ।
ਸਰਬਸੰਮਤੀ ਨਾਲ ਹੋਈ ਇਸ ਚੌਣ ਵਿਚ ਦੋਵੇਂ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਸਮਾਜਿਕ ਮਾਹਿਰਾਂ ਦਾ ਮੰਨਣਾ ਹੈ ਕਿ ਮਹਿਲਾਵਾਂ ਦੀ ਭਾਗੀਦਾਰੀ ਨਾਲ ਪਿੰਡਾਂ ਵਿਚ ਸਿੱਖਿਆ, ਸਿਹਤ, ਸਫਾਈ ਅਤੇ ਮਹਿਲਾ ਸਸ਼ਕਤੀਕਰਨ ਵਰਗੇ ਮੁੱਦਿਆਂ ਨੂੰ ਵਧੇਰੇ ਤਰਜੀਹ ਮਿਲੇਗੀ। ਇਸ ਨਾਲ ਨਾਲ ਪੰਚਾਇਤੀ ਰਾਜ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਮਿਲੇਗੀ। ਚੇਅਰਮੈਨ ਚੁਣੇ ਜਾਣ ਤੋਂ ਬਾਅਦ ਮਮਤਾ ਦੇਵੀ ਮਾਣਕਪੁਰ ਅਤੇ ਉੱਪ ਚੇਅਰਮੈਨ ਸੀਮਾਂ ਦੇਵੀ ਨਾਨਗਰਾਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਅਤੇ ਗੁਰੂ ਰਵੀਦਾਸ ਅਯੁਰਵੈਦਿਕ ਯੁੂਨੀਵਰਸਿਟੀ ਦੇ ਚੇਅਰਮੈਨ ਡਾ.ਸੰਜੀਵ ਗੌਤਮ ,ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਢਾਹੇ,ਬਲਾਕ ਸੰਮਤੀ ਮੈਂਬਰ ਮਨਜੀਤ ਕੁਮਾਰ,ਅਸ਼ੋਕ ਕੁਮਾਰ,ਊਸ਼ਾ ਦੇਵੀ,ਅੰਜਨਾ ਕੁਮਾਰੀ,ਕਮਲੇਸ਼ ਕੁਮਾਰੀ,ਦਲਜੀਤ ਸਿੰਘ,ਸੁਖਵੀਰ ਸਿੰਘ,ਅਨਿੱਲ ਕੁਮਾਰ ਪੱਟੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਉਹਨਾਂ ਕਿਹਾ ਕਿ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਸਥਾਨਕ ਆਗੂਆਂ ਅਤੇ ਇਲਾਕੇ ਦੇ ਲੋਕਾਂ ਨੇ ਦੋਵੇਂ ਮਹਿਲਾ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਨਾਲ ਸਥਾਨਕ ਸਰਕਾਰਾਂ ਵਿੱਚ ਨਵੀਂ ਸੋਚ ਅਤੇ ਤਰੱਕੀ ਦੇ ਰਾਹ ਖੁੱਲਣਗੇ ।