ਖ਼ੂਨਦਾਨ ਮਹਾਦਾਨ, ਲੋਕ ਵਧ ਚੜ੍ਹ ਕੇ ਲੈਣ ਹਿੱਸਾ : ਸਵਾਮੀ ਅਤੁਲ
ਖੂਨ ਦਾਨ ਮਹਾਨ ਦਾਨ ਹੈ, ਲੋਕ ਵਧ ਚੜ੍ਹ ਕੇ ਹਿੱਸਾ ਲੈਣ : ਸਵਾਮੀ ਅੱਤੁਲ ਕ੍ਰਿਸ਼ਨ
Publish Date: Fri, 06 Mar 2026 04:24 PM (IST)
Updated Date: Fri, 06 Mar 2026 04:27 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਸਿੱਧ ਬਾਬਾ ਬਾਲਕਨਾਥ ਸੇਵਾ ਸੁਸਾਇਟੀ ਪਿੰਡ ਟਿੱਬਾ ਟੱਪਰੀਆਂ ਵੱਲੋਂ ਦੂਜਾ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਸਿੱਧ ਧਾਰਮਿਕ ਆਗੂ ਸਵਾਮੀ ਅਤੁਲ ਕ੍ਰਿਸ਼ਨ ਮਹਾਰਾਜ ਭੂਰੀ ਵਾਲਿਆਂ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਇਲਾਕੇ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਕਰੀਬ 40 ਯੂਨਿਟ ਖੂਨ ਦਾਨ ਕੀਤਾ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ, ਸਮਾਜ ਸੇਵਕਾਂ ਅਤੇ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ ਅਤੇ ਖੂਨ ਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਖੂਨ ਦਾਨ ਕਰਨ ਵਾਲੇ ਦਾਤਿਆਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਵਾਮੀ ਅਤੁਲ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਖੂਨ ਦਾਨ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਉੱਚਾ ਅਤੇ ਪਵਿੱਤਰ ਰੂਪ ਹੈ। ਉਨ੍ਹਾਂ ਕਿਹਾ ਕਿ ਅਕਸਰ ਹਾਦਸਿਆਂ, ਗੰਭੀਰ ਬਿਮਾਰੀਆਂ ਅਤੇ ਅਚਾਨਕ ਆਉਣ ਵਾਲੀਆਂ ਐਮਰਜੈਂਸੀ ਹਾਲਤਾਂ ਵਿਚ ਮਰੀਜ਼ਾਂ ਦੀ ਜਾਨ ਬਚਾਉਣ ਲਈ ਖੂਨ ਦੀ ਬਹੁਤ ਲੋੜ ਪੈਂਦੀ ਹੈ ਅਤੇ ਅਜਿਹੇ ਸਮੇਂ ਖੂਨ ਦਾਨੀ ਹੀ ਕਿਸੇ ਲਈ ਜੀਵਨਦਾਤਾ ਬਣਦੇ ਹਨ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਵੱਲੋਂ ਦਿੱਤਾ ਗਿਆ ਖੂਨ ਕਈ ਜਿੰਦਗੀਆਂ ਨੂੰ ਬਚਾਉਣ ਵਿਚ ਮਦਦਗਾਰ ਸਾਬਤ ਹੁੰਦਾ ਹੈ, ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨ ਦਾਨ ਕਰਨਾ ਚਾਹੀਦਾ ਹੈ। ਸਵਾਮੀ ਅਤੁਲ ਕ੍ਰਿਸ਼ਨ ਮਹਾਰਾਜ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਅਜਿਹੇ ਕਾਰਜ ਸਿਰਫ਼ ਮਨੁੱਖਤਾ ਦੀ ਭਲਾਈ ਹੀ ਨਹੀਂ ਕਰਦੇ, ਸਗੋਂ ਨੌਜਵਾਨਾਂ ਵਿਚ ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰ ਤੰਦਰੁਸਤ ਨੌਜਵਾਨ ਸਾਲ ਵਿੱਚ ਘੱਟੋ-ਘੱਟ ਇਕ ਵਾਰ ਖੂਨ ਦਾਨ ਕਰਨ ਦਾ ਸੰਕਲਪ ਕਰ ਲਵੇ ਤਾਂ ਦੇਸ਼ ਵਿਚ ਕਦੇ ਵੀ ਖੂਨ ਦੀ ਕਮੀ ਨਹੀਂ ਰਹੇਗੀ ਅਤੇ ਅਨੇਕਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਲਾਲਾ ਸਤੀਸ਼ ਕੁਮਾਰ, ਬਜਰੰਗ ਗੋਸਵਾਮੀ, ਬਲਦੇਵ ਰਾਜ, ਵਤਨ ਭਾਟੀਆ, ਜਸਵੰਤ ਰਾਜਾ, ਸੂਬੇਦਾਰ ਹਰਮੇਸ਼ ਕੁਮਾਰ, ਪਵਨਜੀਤ (ਸਾਬਕਾ ਸਰਪੰਚ), ਲਾਲਾ ਵਿਨੋਦ ਕੁਮਾਰ, ਸੁਨੀਲ ਕੁਮਾਰ, ਕਰਮ ਚੰਦ ਅਤੇ ਰਣਜੀਤ ਰਾਣਾ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਸੁਸਾਇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।