ਵਿਰਾਸਤ-ਏ-ਖ਼ਾਲਸਾ ਵਿਖੇ ਸੰਗਤਾਂ ਨੇ ਮਾਣਿਆ ਰੂਹਾਨੀ ਅਨੁਭਵ
ਹੋਲਾ ਮਹੱਲਾ 2026 ਮੌਕੇ ਵਿਰਾਸਤ-ਏ-ਖਾਲਸਾ ਵਿਖੇ ਆਤਿਸ਼ਬਾਜ਼ੀ ਦੇ ਅਲੌਕਿਕ ਨਜ਼ਾਰੇ, ਸੰਗਤਾਂ ਨੇ ਮਾਣਿਆ ਰੂਹਾਨੀ ਅਨੁਭਵ
Publish Date: Thu, 05 Mar 2026 04:22 PM (IST)
Updated Date: Thu, 05 Mar 2026 04:23 PM (IST)

ਬੈਂਸ ਨੇ ਹੋਲਾ ਮਹੱਲਾ ਦੀਆਂ ਦਿੱਤੀਆਂ ਵਧਾਈਆਂ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੰਗਤਾਂ ਦੀ ਸਹੂਲਤ ਲਈ ਵਿਆਪਕ ਅਤੇ ਸੁਚਾਰੂ ਪ੍ਰਬੰਧ ਕੀਤੇ ਗਏ । ਇਸ ਦੌਰਾਨ ਵਿਰਾਸਤ-ਏ-ਖਾਲਸਾ ਵਿਖੇ ਸ਼ਾਮ ਸਮੇਂ ਕਰਵਾਈ ਗਈ ਆਤਿਸ਼ਬਾਜ਼ੀ ਨੇ ਅਸਮਾਨ ਨੂੰ ਰੰਗੀਨ ਕਰ ਦਿੱਤਾ, ਜਿਸ ਦਾ ਅਲੌਕਿਕ ਦ੍ਰਿਸ਼ ਦੇਖਣ ਲਈ ਸੰਗਤਾਂ ਦਾ ਵੱਡਾ ਹਜੂਮ ਉਮੜਿਆ। ਰੌਸ਼ਨੀਆਂ ਨਾਲ ਸਜੀ ਪਵਿੱਤਰ ਨਗਰੀ ਨੇ ਰਾਤ ਦੇ ਸਮੇਂ ਰੂਹਾਨੀ ਅਨੁਭਵ ਪੇਸ਼ ਕੀਤਾ ਅਤੇ ਸ਼ਰਧਾਲੂਆਂ ਨੇ ਇਤਿਹਾਸਿਕ ਮੇਲੇ ਦੀ ਰੌਣਕ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਆਤਿਸ਼ਬਾਜ਼ੀ ਦੇ ਮਨਮੋਹਕ ਨਜ਼ਾਰਿਆਂ ਦੇ ਗਵਾਹ ਬਣੇ। ਉਨ੍ਹਾਂ ਨੇ ਸੰਗਤ ਨੂੰ ਹੋਲਾ ਮਹੱਲਾ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਹਨ। ਵਿਰਾਸਤੀ ਖੇਡਾਂ, ਕਰਾਫਟ ਮੇਲਾ, ਐਲਈਡੀ ਸਕ੍ਰੀਨਾਂ, ਹੈਲਪ ਡੈਸਕ, ਟਰਾਲੀ ਸਿਟੀ ਅਤੇ ਟੈਂਟ ਸਿਟੀ ਵਰਗੀਆਂ ਵਿਸ਼ੇਸ਼ ਸਹੂਲਤਾਂ ਇਸ ਵਾਰ ਸੰਗਤਾਂ ਲਈ ਖਾਸ ਖਿੱਚ ਦਾ ਕੇਂਦਰ ਬਣੀਆਂ ਹਨ। ਭੀੜ ਪ੍ਰਬੰਧਨ, ਸੁਰੱਖਿਆ ਅਤੇ ਆਵਾਜਾਈ ਲਈ ਵਿਸਥਾਰਪੂਰਵਕ ਯੋਜਨਾ ਤਹਿਤ ਪਾਰਕਿੰਗ ਜ਼ੋਨ ਅਤੇ ਸ਼ਟਲ ਸੇਵਾਵਾਂ ਚਲਾਈਆਂ ਗਈਆਂ, ਤਾਂ ਜੋ ਧਾਰਮਿਕ ਦਰਸ਼ਨਾਂ ਵਿਚ ਕੋਈ ਰੁਕਾਵਟ ਨਾ ਆਵੇ। ਸੰਗਤ ਦੀ ਸੁਵਿਧਾ ਲਈ ਸਥਾਈ ਏਅਰ-ਕੰਡੀਸ਼ਨਡ ਟੈਂਟ ਸਿਟੀ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਸਾਲ ਭਰ ਆਉਣ ਵਾਲੇ ਸ਼ਰਧਾਲੂਆਂ ਨੂੰ ਆਰਾਮਦਾਇਕ ਰਿਹਾਇਸ਼ ਮਿਲੇਗੀ। ਇਸਦੇ ਨਾਲ ਹੀ ਗ੍ਰੀਨ ਹੋਲਾ ਮਹੱਲਾ ਤਹਿਤ ਸਿੰਗਲ-ਯੂਜ਼ ਪਲਾਸਟਿਕ ‘ਤੇ ਪਾਬੰਦੀ ਲਾਗੂ ਕਰਕੇ ਬਾਇਓਡੀਗ੍ਰੇਡੇਬਲ ਵਿਕਲਪ ਉਪਲਬਧ ਕਰਵਾਏ ਗਏ ਹਨ। ਵਾਤਾਵਰਣ ਸੰਭਾਲ ਪ੍ਰਤੀ ਇਹ ਕਦਮ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸਿਹਤ ਅਤੇ ਸੁਰੱਖਿਆ ਪ੍ਰਬੰਧਾਂ ਤਹਿਤ ਮੁੱਖ ਸਥਾਨਾਂ ‘ਤੇ ਐਂਬੂਲੈਂਸਾਂ, ਆਮ ਆਦਮੀ ਕਲੀਨਿਕ ਅਤੇ ਸੀਸੀਟੀਵੀ ਨਿਗਰਾਨੀ ਦੀ ਵਿਵਸਥਾ ਕੀਤੀ ਗਈ ਹੈ। ਮੁੱਖ ਸਮਾਗਮਾਂ ਦੀ ਅਸਲ-ਸਮੇਂ ਜਾਣਕਾਰੀ ਅਤੇ ਲਾਈਵ ਪ੍ਰਸਾਰਣ ਲਈ ਵੱਡੀਆਂ ਐਲਈਡੀ ਸਕ੍ਰੀਨਾਂ ਦਾ ਜਾਲ ਬਿਛਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਹ ਵਿਸ਼ਾਲ ਪ੍ਰਬੰਧ ਹੋਲਾ ਮਹੱਲਾ 2026 ਨੂੰ ਸੁਰੱਖਿਅਤ, ਸੁਚਾਰੂ ਅਤੇ ਯਾਦਗਾਰ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।