ਗੁਰੂ ਨਗਰੀ ’ਚ ਨਗਰ ਕੌਂਸਲ ਵੱਲੋਂ ਦਿਨ-ਰਾਤ ਸਫ਼ਾਈ ਜਾਰੀ
ਹੋਲਾ ਮਹੱਲਾ ਮੌਕੇ ਗੁਰੂ ਨਗਰੀ ਵਿਚ ਨਗਰ ਕੌਂਸਲ ਵੱਲੋਂ ਦਿਨ-ਰਾਤ ਸਫਾਈ ਜਾਰੀ
Publish Date: Tue, 03 Mar 2026 03:59 PM (IST)
Updated Date: Tue, 03 Mar 2026 04:02 PM (IST)

ਫੋਗਿੰਗ, ਪਾਣੀ ਦੇ ਛੜਕਾਓ ਅਤੇ ਕੂੜੇ ਦਾ ਕੀਤਾ ਜਾ ਰਿਹਾ ਨਿਪਟਾਰਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਕੌਮੀ ਤਿਉਹਾਰ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਲੱਖਾਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਵੱਲੋਂ ਪ੍ਰਧਾਨ ਹਰਜੀਤ ਸਿੰਘ ਜੀਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਨਗਰੀ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਤਿਉਹਾਰ ਦੌਰਾਨ ਲੱਖਾਂ ਦੀ ਸੰਖਿਆ ਵਿਚ ਪਹੁੰਚ ਰਹੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਵੇ, ਇਸ ਨੂੰ ਯਕੀਨੀ ਬਣਾਉਣ ਲਈ ਸਫਾਈ ਕਰਮਚਾਰੀ ਦਿਨ-ਰਾਤ ਡਿਊਟੀ ਨਿਭਾ ਰਹੇ ਹਨ। ਸ਼ਹਿਰ ਦੇ ਮੁੱਖ ਮਾਰਗਾਂ, ਗਲੀਆਂ, ਧਾਰਮਿਕ ਸਥਾਨਾਂ ਅਤੇ ਮੇਲਾ ਖੇਤਰ ਵਿਚ ਲਗਾਤਾਰ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਦੀ ਅਗਵਾਈ ਵਿਚ ਨਗਰ ਕੌਂਸਲ ਵੱਲੋਂ ਵੱਖ-ਵੱਖ ਟੀਮਾਂ ਤਾਇਨਾਤ ਕਰਕੇ ਕੂੜੇ ਦੀ ਸਮੇਂ-ਸਿਰ ਇਕੱਠੀਕਰਨ ਅਤੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਗਿਆ ਹੈ। ਮੇਲਾ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵਾਧੂ ਡਸਟਬਿਨ ਲਗਾਏ ਗਏ ਹਨ ਤਾਂ ਜੋ ਸੰਗਤ ਕੂੜਾ ਇੱਧਰ-ਉੱਧਰ ਸੁੱਟਣ ਦੀ ਬਜਾਏ ਨਿਰਧਾਰਤ ਥਾਵਾਂ ਤੇ ਹੀ ਪਾਏ। ਇਕੱਠੇ ਕੀਤੇ ਕੂੜੇ ਨੂੰ ਨਿਯਮਤ ਤੌਰ ਤੇ ਨਗਰ ਕੌਂਸਲ ਦੀਆਂ ਗੱਡੀਆਂ ਰਾਹੀਂ ਡੰਪ ਸਾਈਟ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਉੱਥੇ ਉਸ ਦਾ ਸਹੀ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਹਤ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਫੋਗਿੰਗ ਅਤੇ ਪਾਣੀ ਦੇ ਛੜਕਾਓ ਦੀ ਕਾਰਵਾਈ ਵੀ ਲਗਾਤਾਰ ਜਾਰੀ ਹੈ। ਮੁੱਖ ਸੜਕਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਵਿਸ਼ੇਸ਼ ਟੀਮਾਂ ਵੱਲੋਂ ਫੋਗਿੰਗ ਕੀਤੀ ਜਾ ਰਹੀ ਹੈ। ਪਾਣੀ ਦੇ ਛੜਕਾਓ ਨਾਲ ਵਾਤਾਵਰਣ ਵਿਚ ਤਾਜਗੀ ਬਣੀ ਹੋਈ ਹੈ ਅਤੇ ਆਉਣ ਵਾਲੀ ਸੰਗਤ ਨੂੰ ਸੁਖਦ ਅਨੁਭਵ ਪ੍ਰਾਪਤ ਹੋ ਰਿਹਾ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਫਾਈ ਅਭਿਆਨ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਸਫਾਈ ਬਣਾਈ ਰੱਖਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਗੁਰੂ ਨਗਰੀ ਦੀ ਪਵਿੱਤਰਤਾ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਪਾਉਣ।