ਹੋਲੇ ਮਹੱਲੇ ਦੇ ਦੂਜੇ ਦਿਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਨਤਮਸਤਕ
ਹੋਲੇ ਮਹੱਲੇ ਦੇ ਦੂਸਰੇ ਦਿਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ
Publish Date: Tue, 03 Mar 2026 03:58 PM (IST)
Updated Date: Tue, 03 Mar 2026 03:59 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਹੋਲੇ ਮਹੱਲੇ ਦੇ ਦੂਸਰੇ ਦਿਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਦਭੁਤ ਅਤੇ ਰੂਹਾਨੀ ਦ੍ਰਿਸ਼ ਦੇਖਣ ਨੂੰ ਮਿਲਿਆ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਕੇਸਰੀ ਅਤੇ ਨੀਲੇ ਦਸਤਾਰਾਂ ’ਤੇ ਚੁੰਨੀਆਂ ਦਾ ਹੜ ਆਇਆ ਹੋਇਆ ਸੀ ਅਤੇ ਹਰ ਪਾਸੇ ਖਾਲਸਾਈ ਰੂਪ ਦੇ ਦੀਦਾਰ ਹੋ ਰਹੇ ਸਨ। ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਸਨ। ਜਿਸ ਨਾਲ ਪੂਰਾ ਇਲਾਕਾ ਗੁਰਮਤਿ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਨੂੰ ਮਨਾਉਣ ਲਈ ਇਕੱਤਰ ਹੋਈਆਂ। ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦੀ ਅੰਮ੍ਰਿਤ ਦੇ ਕੇ ਸਾਨੂੰ ਸ਼ੇਰ ਬਣਾਇਆ ਅਤੇ ਸ਼ੇਰਾਂ ਦੀ ਕੌਮ ਨੂੰ ਸ਼ੇਰਾਂ ਵਰਗਾ ਤਿਉਹਾਰ ਹੋਲਾ ਮਹੱਲਾ ਬਖ਼ਸ਼ਿਸ਼ ਕੀਤਾ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦਾ ਅਰਥ ਹੈ ਹੱਲਾ ਬੋਲਣਾ ਅਤੇ ਜੰਗੀ ਕਰਤੱਬਾਂ ਵਿਚ ਨਿਪੁੰਨ ਹੋਣਾ। ਗੁਰਦੁਆਰਾ ਕਿਲਾ ਹੋਲਗੜ੍ਹ ਸਾਹਿਬ ਵਿਖੇ ਪਾਤਸ਼ਾਹ ਆਪ ਸਿੱਖਾਂ ਦੇ ਜੱਥੇ ਤਿਆਰ ਕਰਦੇ ਅਤੇ ਜੰਗੀ ਮੁਕਾਬਲੇ ਕਰਵਾਉਂਦੇ ਸਨ। ਜੋ ਸਿੱਖ ਜਿੱਤਦਾ, ਪਾਤਸ਼ਾਹ ਉਸ ਨੂੰ ਆਪਣੇ ਸੀਨੇ ਨਾਲ ਲਗਾਉਂਦੇ ਸਨ। ਉਨ੍ਹਾਂ ਕਿਹਾ ਕਿ ਜੰਗੀ ਕਰਤੱਬਾਂ ਵਿਚ ਪਰਪੱਕਤਾ ਹੋਲੇ ਮਹੱਲੇ ਦੀ ਮਹਾਨ ਦੇਣ ਹੈ ਅਤੇ ਅੱਜ ਸਮੇਂ ਦੀ ਲੋੜ ਹੈ ਕਿ ਨੌਜਵਾਨ ਸੂਰਬੀਰ ਯੋਧਿਆਂ ਵਾਂਗ ਤਿਆਰ ਹੋਣ। ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਮੁੜ ਆਪਣੇ ਧਰਮ ਅਤੇ ਇਤਿਹਾਸ ਨਾਲ ਜੋੜਨ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਸਮੇਤ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਹਾਜ਼ਰ ਸੀ।