ਇੰਟਕ ਤੇ ਸਾਂਝਾ ਮੋਰਚਾ ਦੀ ਬੀਬੀਐੱਮਬੀ ਦੇ ਚੇਅਰਮੈਨ ਨਾਲ ਬੈਠਕ
ਨੰਗਲ ਭਾਖੜਾ ਮਜ਼ਦੂਰ ਸੰਘ (ਇੰਟਕ) ਅਤੇ ਸਾਂਝਾ ਮੋਰਚਾ ਬੀਬੀਐੱਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨਾਲ ਮੀਟਿੰਗ
Publish Date: Mon, 02 Mar 2026 05:40 PM (IST)
Updated Date: Mon, 02 Mar 2026 05:43 PM (IST)

ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ’ਤੇ ਤਿੱਖੇ ਸ਼ੰਘਰਸ਼ ਦੀ ਚੇਤਾਵਨੀ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਬੀਬੀਐੱਮਬੀ ਦੀ ਮਾਨਤਾ ਪ੍ਰਾਪਤ ਯੂਨੀਅਨ ਨੰਗਲ ਭਾਖੜਾ ਮਜ਼ਦੂਰ ਸੰਘ (ਇੰਟਕ) ਅਤੇ ਸਾਂਝਾ ਮੋਰਚਾ ਨੇ ਬੀਬੀਐਮਬੀ ਦੇ ਕਰਮਚਾਰੀਆਂ ਨਾਲ ਸੰਬੰਧਿਤ ਕੁਝ ਜ਼ਰੂਰੀ ਮਸਲਿਆਂ ਨੂੰ ਲੈ ਕੇ ਬੀਬੀਐੱਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨਾਲ ਚੰਡੀਗੜ੍ਹ ਵਿਚ ਮੀਟਿੰਗ ਕਰਕੇ ਗੱਲਬਾਤ ਕੀਤੀ।ਯੂਨੀਅਨ ਪ੍ਰਧਾਨ ਸਤਨਾਮ ਸਿੰਘ ਲਾਦੀ ਨੇ ਦੱਸਿਆ ਕਿ ਬੀਬੀਐਮਬੀ ਨੰਗਲ ਦੇ ਪੈਨਸ਼ਨ ਸੈਕਸ਼ਨ ਵੱਲੋਂ ਐਡਹਾਕ ਤਰੱਕੀ ਪ੍ਰਾਪਤ, ਸੇਵਾਮੁਕਤ ਅਤੇ ਜਲਦ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਪੈਨਸ਼ਨ ਕੇਸ ਤਰੱਕੀ ਰੈਗੂਲਰ ਨਾ ਹੋਣ ਦੇ ਕਾਰਨ ਸੈਟਲ ਨਹੀਂ ਕੀਤੇ ਜਾ ਰਹੇ। ਅਜਿਹੇ ਕਰਮਚਾਰੀਆਂ ਦੇ ਪੈਨਸ਼ਨ ਪੇਮੈਂਟ ਆਰਡਰ ਪਿਛਲੇ ਚਾਰ ਮਹੀਨਿਆਂ ਤੋਂ ਜਾਰੀ ਨਹੀਂ ਹੋ ਰਹੇ, ਜਿਸ ਕਾਰਨ ਉਨ੍ਹਾਂ ਨੂੰ ਨਾ ਤਾਂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਹੋਰ ਸੇਵਾਮੁਕਤੀ ਲਾਭ। ਇਸ ਕਾਰਨ ਕਰਮਚਾਰੀਆਂ ਵਿਚ ਰੋਸ ਵੱਧ ਰਿਹਾ ਹੈ।ਯੂਨੀਅਨ ਨੁਮਾਇਦਿਆਂ ਨੇ ਇਹ ਵੀ ਦੱਸਿਆ ਕਿ ਕੁਝ ਕਰਮਚਾਰੀਆਂ ਦੀ ਤਰੱਕੀ ਹਾਲੇ ਤੱਕ ਰੈਗੂਲਰ ਨਾ ਹੋਣ ਦੇ ਬਾਵਜੂਦ ਵੀ ਪੈਨਸ਼ਨ ਸੈਕਸ਼ਨ ਵੱਲੋਂ ਉਨ੍ਹਾਂ ਦੇ ਪੀਪੀਓ ਅਤੇ ਹੋਰ ਵਿੱਤੀ ਲਾਭਾਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਯੂਨੀਅਨ ਨੇ ਇਸ ਦੋਹਰੇ ਮਾਪਦੰਡ ਦਾ ਸ਼ਖਤ ਵਿਰੋਧ ਕਰਦਿਆਂ ਕਿਹਾ ਕਿ ਇੱਕੋ ਜਿਹੇ ਕੇਸਾਂ ਵਿੱਚ “ਪਿਕ ਐਂਡ ਚੂਜ਼” ਨੀਤੀ ਕਬੂਲਯੋਗ ਨਹੀਂ ਹੈ।ਚੇਅਰਮੈਨ ਮਨੋਜ ਤ੍ਰਿਪਾਠੀ ਕੋਲ ਅਪੀਲ ਕੀਤੀ ਗਈ ਕਿ ਪਹਿਲਾਂ ਵਾਂਗ ਇਹਨਾਂ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ, ਨਹੀਂ ਤਾਂ ਯੂਨੀਅਨ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ।ਇਸ ਮੌਕੇ ਯੂਨੀਅਨ ਪ੍ਰਧਾਨ ਸਤਨਾਮ ਸਿੰਘ ਨੇ ਕਲਾਸ-ਚੌਥੀ ਤੋਂ ਤਰੱਕੀ ਪ੍ਰਾਪਤ ਲਿਪਿਕਾਂ ਦੀ ਤਰੱਕੀ ਨੂੰ ਰੈਗੂਲਰ ਕਰਨ ਦੀ ਮੰਗ ਵੀ ਰੱਖੀ। ਕਈ ਸਾਲਾਂ ਤੋਂ ਇਹ ਮਾਮਲਾ ਲੰਬਿਤ ਪਿਆ ਹੈ ਅਤੇ ਬੋਰਡ ਦਫ਼ਤਰ ਵੱਲੋਂ ਸਪਸ਼ਟ ਹੁਕਮ ਹੋਣ ਦੇ ਬਾਵਜੂਦ ਵੀ ਤਦਰਥ ਤਰੱਕੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਕਰਮਚਾਰੀ ਆਪਣੀ ਤਦਰਥ ਤਰੱਕੀ ਛੱਡਣ ਲਈ ਮਜਬੂਰ ਹੋ ਰਹੇ ਹਨ।ਚੇਅਰਮੈਨ ਨੇ ਦੋਵੇਂ ਮੰਗਾਂ ਦੀ ਗੰਭੀਰਤਾ ਨੂੰ ਦੇਖਦਿਆਂ ਵਿਸ਼ੇਸ਼ ਸਕੱਤਰ ਨੂੰ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ। ਸੋਧੇ ਹੋਏ ਵੇਤਨਮਾਨਾਂ ਦੇ ਐਰੀਅਰਾਂ ਦੀ ਅਦਾਇਗੀ ਸਬੰਧੀ ਹੁਕਮ ਜਲਦ ਜਾਰੀ ਹੋਣਗੇ ਅਤੇ ਘੱਟ ਤੋਂ ਘੱਟ ਕਿਸ਼ਤਾਂ ਵਿਚ ਭੁਗਤਾਨ ਕਰਨ ’ਤੇ ਸਹਿਮਤੀ ਬਣੀ।ਨੋਸ਼ਨਲ ਵੇਤਨ ਵਾਧੇ ਦਾ ਲਾਭ ਗ੍ਰੈਚੁਟੀ ਅਤੇ ਲੀਵ ਇਨਕੈਸ਼ਮੈਂਟ ’ਤੇ ਦੇਣ ਸਬੰਧੀ ਪੱਤਰ ਬੀਬੀਐਮਬੀ ਵੱਲੋਂ ਜਲਦ ਅਪਨਾਇਆ ਜਾਵੇਗਾ, ਤਾਂ ਜੋ ਸੇਵਾਮੁਕਤ ਕਰਮਚਾਰੀਆਂ ਨੂੰ ਵਿੱਤੀ ਲਾਭ ਮਿਲ ਸਕੇ।ਵਿੱਤ ਵਿਭਾਗ ਨਾਲ ਗੱਲਬਾਤ ਦੌਰਾਨ ਕਲਾਸ-ਚੌਥੀ ਦੇ ਉਹਨਾਂ ਕਰਮਚਾਰੀਆਂ, ਜਿਨ੍ਹਾਂ ਨੂੰ 1-12-2011 ਤੋਂ 6400-20200 3400 ਦਾ ਦੂਜਾ ਸਮੇਂਬੱਧ ਤਰੱਕੀ ਵੇਤਨਮਾਨ ਦਿੱਤਾ ਗਿਆ ਹੈ, ਉਨ੍ਹਾਂ ਨੂੰ 1-12-2011 ਤੋਂ 10900-34800 3400 ਦਾ ਵੇਤਨਮਾਨ ਦੇਣ ’ਤੇ ਮੁੜ ਸਹਿਮਤੀ ਬਣੀ। ਅਜਿਹੇ ਕੇਸਾਂ ਦੀ ਪੁਸ਼ਟੀ ਲਈ ਫਾਈਲਾਂ ਵਿੱਤ ਸੈਕਸ਼ਨ ਨੂੰ ਭੇਜੀਆਂ ਜਾ ਸਕਦੀਆਂ ਹਨ।ਪਿਛਲੇ ਛੇ ਮਹੀਨਿਆਂ ਤੋਂ ਰੁਕੀ ਹੋਈ ਸੈਲਰੀ ਸਲਿਪ ਇਸ ਮਹੀਨੇ ਤੋਂ ਮੁੜ ਜਾਰੀ ਕੀਤੀ ਜਾਵੇਗੀ। ਠੇਕਾ ਕਰਮਚਾਰੀਆਂ ਦੇ ਨਿਯਮਤੀਕਰਨ ਲਈ ਹਿਮਾਚਲ ਪ੍ਰਦੇਸ਼ ਉੱਚ ਨਿਆਂਲਯ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਫ਼ੈਸਲਾ ਆਉਂਦੇ ਹੀ ਯੋਗ ਕਾਰਵਾਈ ਕਰਦਿਆਂ ਨਿਯਮਤੀਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।ਇਨ੍ਹਾਂ ਮੀਟਿੰਗ ਵਿੱਚ ਚੇਅਰਮੈਨ ਬੀਬੀਐਮਬੀ ਇੰਜੀਨੀਅਰ ਮਨੋਜ ਤ੍ਰਿਪਾਠੀ, ਵਿਸ਼ੇਸ਼ ਸਕੱਤਰ ਅਰੁਣ ਕੁਮਾਰ ਅਤੇ ਉਪ ਵਿੱਤੀ ਸਲਾਹਕਾਰ ਸ਼ਸ਼ੀ ਪਾਲ ਰਾਣਾ ਤੋਂ ਇਲਾਵਾ ਯੂਨੀਅਨ ਪ੍ਰਧਾਨ ਸਤਨਾਮ ਸਿੰਘ ਲਾਦੀ, ਇੰਟਕ ਸੂਬਾ ਜਨਰਲ ਸਕੱਤਰ ਇਕਬਾਲ ਸਿੰਘ ਮਿਨਹਾਸ, ਇੰਟਕ ਸਾਂਝਾ ਮੋਰਚਾ ਦੇ ਜਨਰਲ ਸਕੱਤਰ ਨਵੀਨ ਚੰਦਰ ਸ਼ਰਮਾ, ਸੀਨੀਅਰ ਵਾਈਸ ਪ੍ਰੈਸੀਡੈਂਟ ਪਰਮਜੀਤ ਸਿੰਘ ਰਾਣਾ ਅਤੇ ਸੁਸ਼ੀਲ ਸ਼ਰਮਾ ਆਦਿ ਹਾਜ਼ਰ ਸਨ।